India International

ਭਾਰਤੀ ਨਾਗਰਿਕ ਖਿਲਾਫ US ‘ਚ ਮੁਕੱਦਮਾ ਸ਼ੁਰੂ, ਭਾਰਤ ਸਰਕਾਰ ‘ਤੇ ਉੱਠੀ ਉਂਗਲ..

Indian Government Employee Directed a Plot from India to Murder U.S.-Based Leader of Sikh Separatist Movement

ਅਮਰੀਕਾ ਦੇ ਅਟਾਰਨੀ ਦਫਤਰ ਵਿੱਚ ਇੱਕ ਸਿੱਖ ਵੱਖਵਾਦੀ ਦੇ ਕਤਲ ਕਰਨ ਦੀ ਅਸਫਲ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 52 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਖਿਲਾਫ ਦੋਸ਼ ਦਾਇਰ ਹੋਏ ਹਨ। ਉਸ ਉੱਤੇ ਪੈਸੇ ਲੈ ਕੇ ਕਤਲ ਕਰਨ ਦੀ ਸਾਜਿਸ਼ ਦਾ ਦੋਸ਼ ਹੈ। ਇੰਨਾ ਹੀ ਨਹੀਂ ਇਸ ਕੇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਖਿਲ ਗੁਪਤਾ ਨੇ ਨਿਊਯਾਰਕ ਵਿੱਚ ਇਸ ਸਿੱਖ ਕਾਰਕੁਨ ਨੂੰ ਮਾਰਨ ਦੀ ਗੁਪਤ ਕੋਸ਼ਿਸ਼ ਭਾਰਤ ਸਰਕਾਰ ਦੇ ਇੱਕ ਖੁਫੀਆ ਅਤੇ ਸੁਰੱਖਿਆ ਅਧਿਕਾਰੀ ਦੇ ਇਸ਼ਾਰੇ ਉੱਤੇ ਕੀਤੀ ਸੀ।

ਅਟਾਰਨੀ ਦਫਤਰ ਵੱਲੋਂ ਜਾਰੀ ਰਿਲੀਜ ਵਿੱਚ ਜਿਸ ਦਾ ਕਤਲ ਕਰਵਾਇਆ ਜਾਣਾ ਸੀ, ਉਸਦਾ ਨਾਮ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਸਾਜਿਸ਼ ਪਿੱਛੇ ਲੁਕੇ ਭਾਰਤੀ ਅਧਿਕਾਰੀ ਦੇ ਨਾਮ ਦਾ ਜ਼ਿਕਰ ਕੀਤਾ ਹੈ। ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਣਾ ਸੀ, ਉਹ ਭਾਰਤੀ ਮੂਲ ਦਾ ਨਿਊਯਾਰਕ ਸਿਟੀ ਦਾ ਅਮਰੀਕੀ ਨਾਗਰਿਕ ਹੈ ਅਤੇ ਉਹ ਸਿੱਖਾਂ ਲਈ ਇੱਕ ਪ੍ਰਭੂਸੱਤਾ ਸੰਪੰਨ ਰਾਜ ਦੀ ਸਥਾਪਨਾ ਲਈ ਜਨਤਕ ਤੌਰ ‘ਤੇ ਵਕਾਲਤ ਕਰਦਾ ਹੈ। ਉਹ ਭਾਰਤ ਸਰਕਾਰ ਦਾ ਆਲੋਚਕ ਅਤੇ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਦਾ ਸਮਰਥਕ ਹੈ।

ਅਮਰੀਕਾ ਦੇ ਇਨ੍ਹਾਂ ਦੋਸ਼ਾਂ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਜਵਾਬ ਮਿਲਣ ਤੋਂ ਬਾਅਦ ਹੀ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਨੇ ਇਸ ਮਾਮਲੇ ‘ਚ ‘ਹੈਰਾਨੀ ਅਤੇ ਚਿੰਤਾ ਜ਼ਾਹਰ ਕੀਤੀ ਹੈ।

ਇਹ ਦੋਸ਼ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਇੱਕ ਸੀਨੀਅਰ ਮੈਂਬਰ ਵੱਲੋਂ ਅਮਰੀਕਾ ਵਿੱਚ ਖਾਲਿਸਤਾਨ ਦੀ ਹਿਮਾਇਤ ਕਰਨ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦੇ ਕਹਿਣ ਤੋਂ ਇੱਕ ਹਫ਼ਤੇ ਬਾਅਦ ਅਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਭਾਰਤ ਸਰਕਾਰ ਉੱਤੇ ਸਿੱਖ ਕੈਨੇਡੀਅਨ ਨਾਗਰਿਕ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਣ ਦੇ ਦੋ ਮਹੀਨੇ ਬਾਅਦ ਆਇਆ ਹੈ।

ਦੱਸ ਦੇਈਏ ਕਿ ਇਸ ਮਾਮਲੇ ਤੋਂ ਪਹਿਲਾਂ ਇੱਕ ਬ੍ਰਿਟਿਸ਼ ਅਖਬਾਰ ‘ਫਾਈਨੈਂਸ਼ੀਅਲ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਅਮਰੀਕਾ ਵਿੱਚ ਸਿੱਖ ਫਾਰ ਜਸਿਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨੂੰ ਨਾਕਾਮ ਕੀਤਾ ਗਿਆ। ਇਸ ਮਾਮਲੇ ਵਿੱਚ ਅਮਰੀਕਾ ਵੱਲੋਂ ਭਾਰਤ ਸਰਕਾਰ ਦੀ ਕਥਿਤ ਸ਼ਮੂਲੀਅਤ ਬਾਰੇ ਫਿਕਰਮੰਦੀ ਬਾਰੇ ਵੀ ਜਾਣੂ ਕਰਵਾਇਆ ਗਿਆ।

ਨਿਖਿਲ ਗੁਪਤਾ ਨੂੰ ਇਸ ਮਾਮਲੇ ਵਿੱਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਕਾਨੂੰਨੀ ਸਜ਼ਾ ਹੋ ਸਕਦੀ ਹੈ। ਇੱਕ ਸੰਘੀ ਜ਼ਿਲ੍ਹਾ ਅਦਾਲਤ ਦਾ ਜੱਜ ਯੂ.ਐੱਸ. ਸਜ਼ਾ ਸੁਣਾਉਣ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਕਾਨੂੰਨੀ ਕਾਰਕਾਂ ‘ਤੇ ਵਿਚਾਰ ਕਰਨ ਤੋਂ ਬਾਅਦ ਕੋਈ ਵੀ ਸਜ਼ਾ ਨਿਰਧਾਰਤ ਕਰੇਗਾ।

ਜ਼ਿਕਰਯੋਗ ਹੈ ਭਾਰਤ ਵਿੱਚ ਦਹਿਸ਼ਤਗਰਦੀ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਅਮਰੀਕੀ-ਕੈਨੇਡੀਅਨ ਨਾਗਰਿਕ ਗੁਰਪਤਵੰਤ ਪੰਨੂ ਲੋੜੀਂਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬੁੱਧਵਾਰ ਨੂੰ ਇਸ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਭਾਰਤ ਨੇ ਇਸ ਮਾਮਲੇ ਸਬੰਧੀ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਹੈ।

ਇਸ ਤੋਂ ਪਹਿਲਾਂ ਕੈਨੇਡਾ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ਸਰਕਾਰ ਉੱਤੇ ਲਾਇਆ ਹੈ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਦਾ ਮਾਹੌਲ ਬਣਿਆ ਹੋਇਆ ਹੈ।