The Khalas Tv Blog India ਭਾਰਤ ਨੇ ਕੈਨੇਡਾ ਨੂੰ ਫਿਰ ਮਾਰਿਆ ਦਬਕਾ! “ਲੋਕਤੰਤਰੀ ਦੇਸ਼ ਹਿੰਸਕ ਜਸ਼ਨ ਮਨਾਉਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ?”
India International

ਭਾਰਤ ਨੇ ਕੈਨੇਡਾ ਨੂੰ ਫਿਰ ਮਾਰਿਆ ਦਬਕਾ! “ਲੋਕਤੰਤਰੀ ਦੇਸ਼ ਹਿੰਸਕ ਜਸ਼ਨ ਮਨਾਉਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ?”

Pm Narendra Modi and Justin Trudeau

ਕੈਨੇਡਾ ਵਿੱਚ ਲਗਾਤਾਰ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤ ਨੇ ਇੱਕ ਵਾਰ ਫਿਰ ਟਰੂਡੋ ਸਰਕਾਰ ਦੀ ਆਲੋਚਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੰਗਲਵਾਰ (7 ਮਈ) ਨੂੰ ਕਿਹਾ ਕਿ ਕੈਨੇਡਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕੱਟੜਪੰਥੀ ਲੋਕਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਕੈਨੇਡਾ ਇੱਕ ਲੋਕਤੰਤਰੀ ਦੇਸ਼ ਹੈ ਅਤੇ ਉਹ ਹਿੰਸਾ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ?

ਜੈਸਵਾਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਅਸੀਂ ਕਈ ਵਾਰ ਕੈਨੇਡਾ ਕੋਲ ਭਾਰਤੀ ਨੇਤਾਵਾਂ ਖਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਪਿੱਛੇ ਹਿੰਸਕ ਸੋਚ ਦਾ ਮੁੱਦਾ ਉਠਾਇਆ ਹੈ। ਪਿਛਲੇ ਸਾਲ ਹੀ ਬਰੈਂਪਟਨ ਸ਼ਹਿਰ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਗਈ ਸੀ। ਇਸ ਵਿੱਚ ਦੋ ਸਿੱਖ ਬੰਦੂਕਧਾਰੀਆਂ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਮਾਰਦੇ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਹਿੰਸਕ ਪੋਸਟਰ ਲਾਏ ਗਏ ਹਨ।

ਜੈਸਵਾਲ ਨੇ ਕਿਹਾ ਕਿ ਹਿੰਸਾ ਦਾ ਜਸ਼ਨ ਤੇ ਵਡਿਆਈ ਕਰਨਾ ਕਿਸੇ ਵੀ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਲੋਕਤੰਤਰੀ ਦੇਸ਼ਾਂ ਨੂੰ ਕਾਨੂੰਨ ਤੇ ਵਿਵਸਥਾ ਦਾ ਸਨਮਾਨ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਲੋਕਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਜੋ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕੱਟੜਪੰਥੀ ਸੋਚ ਨੂੰ ਉਤਸ਼ਾਹਿਤ ਕਰਦੇ ਹਨ।

ਜੈਸਵਾਲ ਮੁਤਾਬਕ ਭਾਰਤ ਸਰਕਾਰ ਕੈਨੇਡਾ ‘ਚ ਰਹਿ ਰਹੇ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਡਿਪਲੋਮੈਟ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ। ਭਾਰਤ ਨੇ ਕੈਨੇਡਾ ਤੋਂ ਵੱਖਵਾਦੀ ਤੱਤਾਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਦਰਅਸਲ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਤਣਾਅ ਚੱਲ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ‘ਚ ਭਾਰਤ ‘ਤੇ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਇਲਜ਼ਾਮ ਲਗਾਇਆ ਸੀ। ਕੈਨੇਡਾ ਦੇ ਇਲਜ਼ਾਮਾਂ ‘ਤੇ ਕਾਰਵਾਈ ਕਰਦਿਆਂ ਭਾਰਤ ਨੇ ਉੱਥੋਂ ਦੇ ਲੋਕਾਂ ਲਈ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਸਨ। ਇਸ ਤੋਂ ਇਲਾਵਾ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵੀ ਭਾਰਤ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਬਾਅਦ ‘ਚ ਕੂਟਨੀਤਕ ਪੱਧਰ ‘ਤੇ ਗੱਲਬਾਤ ਹੋਈ ਅਤੇ ਕੁਝ ਮਹੀਨਿਆਂ ਬਾਅਦ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਸਨ।

ਸਬੰਧਿਤ ਖ਼ਬਰ – ‘ਭਾਰਤ ਨੇ ਟਰੂਡੋ ਦੇ ਜਹਾਜ ਨੂੰ ਉਤਾਰਨ ਦੇ ਲਈ ਰੱਖੀ ਸੀ ਸ਼ਰਤ!’ ‘ਕੈਪਟਨ ਅਮਰਿੰਦਰ ਦਾ ਵੀ ਵੱਡਾ ਰੋਲ!’ ਕੈਨੇਡੀਅਨ ਮੀਡੀਆ ਦਾ ਵੱਡਾ ਦਾਅਵਾ
Exit mobile version