The Khalas Tv Blog India ਭਾਰਤੀ ਕਿਸਾਨ ਯੂਨੀਅਨ ਵੱਲੋਂ ਸਕੂਲ-ਕਾਲਜ ਖੁਲ੍ਹਵਾਉਣ ਲਈ ਰੋਸ ਹਫ਼ਤਾ ਮਨਾਉਣ ਦਾ ਸੱਦਾ
India Punjab

ਭਾਰਤੀ ਕਿਸਾਨ ਯੂਨੀਅਨ ਵੱਲੋਂ ਸਕੂਲ-ਕਾਲਜ ਖੁਲ੍ਹਵਾਉਣ ਲਈ ਰੋਸ ਹਫ਼ਤਾ ਮਨਾਉਣ ਦਾ ਸੱਦਾ

‘ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਸੂਬਾ ਕਮੇਟੀ ਦੇ ਸੱਦੇ ਤਹਿਤ ਫ਼ੈਸਲਾ ਕੀਤਾ ਗਿਆ ਹੈ ਕਿ ਕਰੋਨਾ ਦੀ ਆੜ ਹੇਠ ਜਾਣਬੁੱਝ ਕੇ ਬੰਦ ਕੀਤੇ ਸਕੂਲਾਂ ਤੇ ਕਾਲਜਾਂ ਨੂੰ  ਖੁਲ੍ਹਵਾਉਣ ਲਈ 4 ਤੋਂ 10 ਫਰਵਰੀ ਤੱਕ ਰੋਸ ਹਫ਼ਤਾ ਮਨਾਇਆ ਜਾਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਰੋਸ ਹਫਤੇ ਦੌਰਾਨ ਲਹਿਰਾਗਾਗਾ, ਮੂਨਕ ਅਤੇ ਖਨੋਰੀ ‘ਚ ਵਿਸ਼ਾਲ ਧਰਨੇ ਮੁਜ਼ਾਹਰੇ ਕੀਤੇ ਜਾਣਗੇ ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਸਮੇਤ ਵਿੱਦਿਅਕ ਸੰਸਥਾਵਾਂ ਦੇ ਸਟਾਫ ਮੈਂਬਰਾਂ ਅਤੇ ਪ੍ਰਬੰਧਕਾਂ ਨੂੰ ਵੀ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਵੇਗੀ।

2 ਫਰਵਰੀ ਨੂੰ ਅਨਾਜ ਮੰਡੀ ਲਹਿਰਾਗਾਗਾ ਵਿਖੇ ਬਲਾਕ ਕਾਰਜਕਾਰੀ ਪ੍ਰਧਾਨ ਲੀਲਾ ਸਿੰਘ ਚੋਟੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਜਾਣਬੁੱਝ ਕੇ ਬੰਦ ਕੀਤੇ ਸਕੂਲਾਂ ਤੇ ਕਾਲਜਾਂ ਨੂੰ  ਖੁਲ੍ਹਵਾਉਣ ਲਈ 4 ਤੋਂ 10 ਫਰਵਰੀ ਤੱਕ ਰੋਸ ਹਫ਼ਤਾ ਮਨਾਇਆ ਜਾਵੇਗਾ।

 ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਿਨਾਂ ਕਿਸੇ ਵਿਗਿਆਨਕ ਆਧਾਰ ਤੋਂ ਹੀ ਕਰੋਨਾ ਦੀ ਆੜ ਹੇਠ ਸਕੂਲ ਕਾਲਜ ਬੰਦ ਰੱਖੇ ਜਾ ਰਹੇ ਹਨ ਤੇ ਅਜਿਹਾ ਕਰ ਕੇ  ਆਮ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀਆਂ ਦੇ ਬੱਚਿਆਂ ਦਾ ਸਿੱਖਿਆ ਗ੍ਰਹਿਣ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ।

ਔਨਲਾਈਨ ਸਿੱਖਿਆ ਦਾ ਫ਼ੈਸਲਾ ਲਾਗੂ ਕਰਕੇ ਮੋਬਾਈਲ ਫੋਨਾਂ ਤੇ ਡਾਟਾ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਮਹਿੰਗੇ ਖ਼ਰਚੇ ਗ਼ਰੀਬ ਕਿਸਾਨਾਂ’ ਮਜ਼ਦੂਰਾਂ ਅਤੇ ਹੋਰ ਕਿਰਤੀਆਂ ਲਈ ਭਰਨੇ ਮੁਸ਼ਕਿਲ ਹਨ। ਸੰਸਾਰ ਬੈਂਕ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਬਿਆਨ ਸਾਡੇ ਇਸ ਦੋਸ਼ ਦੀ ਹਾਮੀ ਭਰਦਾ ਹੈ। ਇਥੋਂ ਤੱਕ ਕਿ ਬਰਤਾਨੀਆ ਦੇਸ਼ ਨੇ ਸਾਰੇ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਹਨ ਪਰ ਸਾਡੇ ਦੇਸ਼ ਵਿੱਚ ਸ਼ਰਾਬ ਦੇ ਠੇਕੇ ਖੋਲ੍ਹ ਰੱਖੇ ਹਨ ਅਤੇ ਵੱਡੀਆਂ ਚੋਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਸਕੂਲ ਕਾਲਜ ਬੰਦ ਹਨ।

ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਸਮੂਹ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਇਨ੍ਹਾਂ ਰੋਸ ਪ੍ਰਦਰਸ਼ਨਾਂ, ਧਰਨਿਆਂ ‘ਚ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਹੈ ਤਾਂ ਜੋ ਸਰਕਾਰ ਦੀ ਨੀਂਦ ਖੋਲੀ ਜਾ ਸਕੇ।

Exit mobile version