International

ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਯੂਕਰੇਨ ’ਚ ਫਸੇ ਭਾਰਤੀਆਂ ਲਈ ਨਵੀਂ ਐਡਵਾਈਸਰੀ

‘ਦ ਖ਼ਾਲਸ ਬਿਊਰੋ :ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਕਿਸੇ ਵੀ ਸਰਹੱਦੀ ਚੌਕੀ ਵੱਲ ਨਾ ਜਾਣ। ਰੂਸ ਦੇ ਯੂਕਰੇਨ ‘ਤੇ ਹਰ ਪਾਸਿਉਂ ਹਮਲਾ ਕਰਨ ਨਾਲ ਹਜ਼ਾਰਾਂ ਭਾਰਤੀ ਫਸੇ ਹੋਏ ਹਨ ਅਤੇ ਬੇਚੈਨ ਹੋ ਕੇ ਬਾਹਰ ਨਿਕਲਣ ਦਾ ਰਸਤਾ ਲੱਭ ਰਹੇ ਹਨ।

ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਅੱਜ ਸਵੇਰੇ ਟਵੀਟ ਕੀਤਾ, “ਵੱਖ-ਵੱਖ ਸਰਹੱਦੀ ਚੌਕੀਆਂ ‘ਤੇ ਸਥਿਤੀ ਸੰਵੇਦਨਸ਼ੀਲ ਹੈ ਅਤੇ ਦੂਤਾਵਾਸ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿੱਚ ਸਾਡੇ ਦੂਤਾਵਾਸਾਂ ਨਾਲ ਸਾਡੇ ਨਾਗਰਿਕਾਂ ਨੂੰ ਸੁਰਖਿਅਤ ਬਾਹਰ ਕੱਢਣ ਲਈ ਲਗਾਤਾਰ ਕੰਮ ਕਰ ਰਿਹਾ ਹੈ।”ਇਹ ਐਡਵਾਈਜ਼ਰੀ ਉਦੋਂ ਜਾਰੀ ਹੋਈ ਹੈ, ਜਦੋਂ ਭਾਰਤੀ ਨਾਗਰਿਕਾਂ ਦੇ  ਗੁਆਂਢੀ ਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਵਿੱਚ ਦੇਸ਼ ਦੀਆਂ ਸਰਹੱਦਾਂ ਤੱਕ ਲੰਮੀ ਦੂਰੀ ਤੱਕ ਪੈਦਲ ਚੱਲਣ ਦੀਆਂ ਖਬਰਾਂ ਸਾਹਮਣੇ ਆਈਆਂ । ਦੂਤਾਵਾਸ ਨੇ ਕਿਹਾ ਕਿ ਬਿਨਾਂ ਕਿਸੇ ਸੂਚਨਾ ਦੇ ਸਰਹੱਦੀ ਚੌਕੀਆਂ ‘ਤੇ ਪਹੁੰਚਣ ਵਾਲੇ ਭਾਰਤੀ ਨਾਗਰਿਕਾਂ ਦੀ ਮਦਦ ਕਰਨਾ ਮੁਸ਼ਕਿਲ ਹੋ ਰਿਹਾ ਹੈ।

ਫਸੇ ਹੋਏ ਬਹੁਤ ਸਾਰੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਵੀ ਸਰਕਾਰ ਨੂੰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।ਦੂਤਾਵਾਸ ਨੇ ਕਿਹਾ ਹੈ ਕਿ ਸਥਿਤੀ ਤੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਏ ਬਿਨਾਂ ਸਰਹੱਦੀ ਚੌਕੀਆਂ ਤੱਕ ਪਹੁੰਚਣ ਦੀ ਬਜਾਇ ਪਾਣੀ, ਭੋਜਨ, ਰਿਹਾਇਸ਼ ਅਤੇ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਵਾਲੇ ਯੂਕਰੇਨ ਦੇ ਪੱਛਮੀ ਸ਼ਹਿਰਾਂ ਵਿੱਚ ਰਹਿਣਾ ਜਿਆਦਾ ਸੁਰੱਖਿਅਤ ਹੈ।”

ਦੂਤਾਵਾਸ ਨੇ ਕਿਹਾ ਹੈ ਕਿ ਜਲਦੀ  470 ਤੋਂ ਵੱਧ ਵਿਦਿਆਰਥੀ ਪੋਰੂਬਨੇ-ਸਿਰੇਟ ਬਾਰਡਰ ਰਾਹੀਂ ਰੋਮਾਨੀਆ ਵਿੱਚ ਦਾਖਲ ਹੋਣਗੇ।ਭਾਰਤ ਨੇ ਹੰਗਰੀ ਅਤੇ ਪੋਲੈਂਡ ਤੋਂ ਯੂਕਰੇਨ ਦੀਆਂ ਸਰਹੱਦਾਂ ‘ਤੇ ਸਰਕਾਰੀ ਟੀਮਾਂ ਭੇਜੀਆਂ ਹਨ ਤਾਂ ਜੋ ਦੇਸ਼ ਵਿਚ ਫਸੇ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਸਕੇ। ਅਧਿਕਾਰੀ ਜ਼ਮੀਨ ਰਾਹੀਂ ਯਾਤਰਾ ਕਰ ਰਹੇ ਹਨ, ਕਿਉਂਕਿ ਰੂਸੀ ਫੌਜ ਦੁਆਰਾ ਹਮਲੇ ਦੇ ਦੌਰਾਨ ਯੂਕਰੇਨੀ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ।ਭਾਰਤ ਨੇ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਸੁਰੱਖਿਅਤ ਰਸਤਿਆਂ ਦੀ ਪਛਾਣ ਕੀਤੀ ਹੈ।ਵਿਦੇਸ਼ ਮੰਤਰਾਲੇ (MEA) ਨੇ ਯੂਕਰੇਨ ਵਿੱਚ ਭਾਰਤੀਆਂ ਨੂੰ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ।