‘ਦ ਖ਼ਾਲਸ ਬਿਊਰੋ :- ਭਾਰਤ ਨੂੰ ਕ੍ਰਿਕਟ ‘ਚ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਸਾਬਕਾ ਕਪਤਾਨ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਕਪਿਲ ਦੇਵ ਨੂੰ ਅਗਲੇ ਇੱਕ ਦੋ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ।
ਸਾਬਕਾ ਕਪਤਾਨ ਨੇ 22 ਅਕਤੂਬਰ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮੌਜੂਦਾ ਸਮੇਂ ਉਹ ਡਾ.ਮਾਥੁਰ ਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ। ਭਾਰਤੀ ਕ੍ਰਿਕਟਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮਲਹੋਤਰਾ ਨੇ ਕਿਹਾ ਕਿ ਉੱਘੇ ਕ੍ਰਿਕਟਰ ਦੀ ਹਾਲਤ ਸਥਿਰ ਹੈ। ਇਸ ਦੌਰਾਨ ਕ੍ਰਿਕਟ ਜਗਤ ਨਾਲ ਜੁੜੀਆਂ ਵੱਖ – ਵੱਖ ਸ਼ਖ਼ਸੀਅਤਾਂ ਨੇ ਸੁਨੇਹੇ ਭੇਜ ਕੇ ਕਪਿਲ ਦੇਵ ਦੇ ਜਲਦੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ।