India International

ਕੈਨੇਡਾ ਘੁੰਮਣ ਗਏ ਭਾਰਤੀ ਪਰਿਵਾਰ ਨਾਲ ਭਿਆਨਕ ਹਾਦਸਾ, 3 ਮਹੀਨਿਆਂ ਦੇ ਨਵਜੰਮੇ ਬੱਚੇ ਸਣੇ 4 ਦੀ ਮੌਤ

ਕੈਨੇਡਾ ਘੁੰਮਣ ਗਏ ਭਾਰਤੀ ਪਰਿਵਾਰ ’ਤੇ ਵੱਡਾ ਕਹਿਰ ਵਰਤਿਆ ਹੈ। ਇੱਕ ਭਿਆਨਕ ਹਾਦਸੇ ਵਿੱਚ ਭਾਰਤ ਦੇ ਬਜ਼ੁਰਗ ਪਤੀ-ਪਤਨੀ ਤੇ ਉਨ੍ਹਾਂ ਦੇ 3 ਮਹੀਨਿਆਂ ਦੇ ਨਵਜੰਮੇ ਪੋਤਰੇ ਸਣੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਭਿਆਨਕ ਹਾਦਸੇ ਵਿੱਚ 6 ਵਾਹਨਾਂ ਦੀ ਟੱਕਰ ਹੋਈ। ਦਰਅਸਲ ਔਂਟਾਰੀਓ ਪੁਲਿਸ ਨੇ ਸ਼ਰਾਬ ਦੀ ਦੁਕਾਨ ਲੁੱਟਣ ਵਾਲੇ ਸ਼ੱਕੀ ਨੂੰ ਫੜਨ ਲਈ ਉਲਟੀ ਦਿਸ਼ਾ ਵੱਲ ਗੱਡੀ ਮੋੜ ਲਈ ਤਾਂ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਸੋਮਵਾਰ ਦੀ ਰਾਤ ਵਾਪਰਿਆ ਸੀ।

ਪੁਲਿਸ ਦੁਆਰਾ ਦੱਸੀ ਜਾਣਕਾਰੀ ਮੁਤਾਬਕ ਟੋਰਾਂਟੋ ਤੋਂ ਕਰੀਬ 50 ਕਿਲੋਮੀਟਰ ਪੂਰਬ ਵਿੱਚ ਵ੍ਹਾਈਟਬੀ ’ਚ ਹਾਈਵੇਅ 401 ’ਤੇ ਇਹ ਹਾਸਦਾ ਵਾਪਰਿਆ। ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਈ ਵਾਹਨ ਨੁਕਸਾਨੇ ਗਏ। ਸੀਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਇਸ ਹਾਦਸੇ ਵਿੱਚ ਲੁੱਟ ਕਰਨ ਵਾਲੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ।

ਔਂਨਟਾਰੀਓ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਲੋਕਾਂ ’ਚ ਭਾਰਤ ਤੋਂ ਆਏ 60 ਸਾਲਾ ਬਜ਼ੁਰਗ ਤੇ 55 ਸਾਲਾ ਔਰਤ ਸ਼ਾਮਲ ਹਨ। ਹਾਲਾਂਕਿ ਮ੍ਰਿਤਕਾਂ ਦੇ ਨਾਂ ਅਜੇ ਜਾਰੀ ਨਹੀਂ ਕੀਤੇ ਗਏ ਹਨ।

SIU ਨੇ ਦੱਸਿਆ ਕਿ ਇਸ ਹਾਦਸੇ ’ਚ ਬਜ਼ੁਰਗ ਜੋੜੇ ਦੇ ਤਿੰਨ ਮਹੀਨੇ ਦੇ ਪੋਤੇ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹਾਈਵੇਅ 401 ਨੂੰ ਕਈ ਘੰਟਿਆਂ ਲਈ ਬੰਦ ਕਰ ਦਿਤਾ ਗਿਆ ਸੀ।

ਏਜੰਸੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ‘ਚੋਂ ਇੱਕ ’ਚ ਸਵਾਰ ਨਵਜੰਮੇ ਬੱਚੇ ਦੇ 33 ਸਾਲਾ ਪਿਤਾ ਅਤੇ 27 ਸਾਲਾ ਮਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। SIU ਨੇ ਕਿਹਾ ਕਿ ਮਾਂ ਦੀ ਹਾਲਤ ਨਾਜ਼ੁਕ ਹੈ।