India

ਭਾਰਤੀ ਸੈਨਾ ਲੱਦਾਖ ’ਚ ਆਰ-ਪਾਰ ਦੀ ਜੰਗ ਲਈ ਤਿਆਰ: ਬ੍ਰਿਗੇਡੀਅਰ ਹੇਮੰਤ ਮਹਾਜਨ

‘ਦ ਖ਼ਾਲਸ ਬਿਊਰੋ :- ਲੱਦਾਖ ‘ਚ LAC ’ਤੇ ਤਾਇਨਾਤ ਭਾਰਤ ਤੇ ਚੀਨ ਦੇ ਫ਼ੌਜੀਆਂ ਵਿਚਾਲੇ ਪਿਛਲੇ ਹਫ਼ਤੇ ਦੋ ਵਾਰ ਗੋਲੀਆਂ ਚੱਲੀਆਂ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ’ਚ ਬੈਠਕ ਤੋਂ ਐਨ ਪਹਿਲਾਂ ਵਾਪਰੀ ਸੀ। ਦੋਵੇਂ ਮੁਲਕਾਂ ’ਚ LAC ’ਤੇ ਗੋਲੀਬਾਰੀ ਨਾ ਕਰਨ ਦਾ ਸਮਝੌਤਾ ਹੋਇਆ ਹੈ ਅਤੇ ਉੱਥੇ ਪਿਛਲੇ 45 ਵਰ੍ਹਿਆਂ ਤੋਂ ਕੋਈ ਗੋਲੀ ਨਹੀਂ ਚੱਲੀ ਹੈ। ਪਰ ਪਿਛਲੇ ਮਹੀਨੇ ਤੋਂ ਪੂਰਬੀ ਲੱਦਾਖ ’ਚ ਹਵਾ ’ਚ ਗੋਲੀਆਂ ਚਲਾਉਣ ਦੀਆਂ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਤੋਂ ਬਾਅਦ LAC ’ਤੇ ਟਕਰਾਅ ਵਾਲੇ ਬਣੇ ਮਾਹੌਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਇੱਕ ਅਧਿਕਾਰੀ ਨੇ ਕਿਹਾ ਕਿ ਇੱਕ-ਦੂਜੇ ਨੂੰ ਨਿਸ਼ਾਨਾ ਬਣਾਊਣ ਦੀ ਥਾਂ ’ਤੇ ਸਾਰੀਆਂ ਘਟਨਾਵਾਂ ਦੌਰਾਨ ਗੋਲੀਆਂ ਹਵਾ ’ਚ ਚਲਾਈਆਂ ਗਈਆਂ। ਇਨ੍ਹਾਂ ’ਚੋਂ ਇੱਕ ਘਟਨਾ ਪੈਂਗੌਂਗ ‘ਚ ਤਸੋ ਝੀਲ ਦੇ ਊੱਤਰੀ ਕੰਢੇ ’ਤੇ ਵਾਪਰੀ।

ਚੀਨ ਦੇ ਮੁੱਦੇ ’ਤੇ ਸਰਕਾਰ ਤੇ ਫ਼ੌਜ ਨਾਲ ਖੜ੍ਹੀ ਬਸਪਾ 

ਬਸਪਾ ਮੁਖੀ ਮਾਇਆਵਤੀ ਨੇ LAC ’ਤੇ ਚੀਨ ਨਾਲ ਚੱਲ ਰਹੇ ਸਰਹੱਦੀ ਟਕਰਾਅ ਦੇ ਮੁੱਦੇ ’ਤੇ ਸਰਕਾਰ ਅਤੇ ਫ਼ੌਜ ਨੂੰ ਪੂਰੀ ਹਮਾਇਤ ਦਿੰਦਿਆਂ ਭਰੋਸਾ ਜਤਾਇਆ ਕਿ ਭਾਰਤ ਮੂੰਹ ਤੋੜਵਾਂ ਜਵਾਬ ਦੇਵੇਗਾ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਸਰਹੱਦ ’ਤੇ ਚੀਨ ਨਾਲ ਤਣਾਅ ਤੇ ਫ਼ੌਜਾਂ ਦੀ ਤਾਇਨਾਤੀ ਕਾਰਨ ਸਾਰੇ ਇਸ ਤੋਂ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੱਲ ਸੰਸਦ ’ਚ ਬਿਆਨ ਦਿੱਤਾ ਹੈ ਜਿਸ ਨਾਲ ਆਸ ਬੱਝੀ ਹੈ ਕਿ ਮੁਲਕ ਵੱਲੋਂ ਚੀਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਚੀਨੀ ਕੰਪਨੀ ਵੱਲੋਂ ਜਾਸੂਸੀ ਦਾ ਮੁੱਦਾ ਸੰਸਦ ’ਚ ਗੂੰਜਿਆ

ਚੀਨੀ ਤਕਨਾਲੋਜੀ ਕੰਪਨੀ ਵੱਲੋਂ 10 ਹਜ਼ਾਰ ਤੋਂ ਵੱਧ ਭਾਰਤੀ ਵਿਅਕਤੀਆਂ ਤੇ ਜਥੇਬੰਦੀਆਂ ਦੀ ਕਥਿਤ ਜਾਸੂਸੀ ਦਾ ਮਾਮਲਾ ਕੱਲ੍ਹ ਕਾਂਗਰਸ ਮੈਂਬਰਾਂ ਨੇ ਸੰਸਦ ਦੇ ਦੋਵੇਂ ਸਦਨਾਂ ’ਚ ਉਠਾਇਆ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਗੁਆਂਢੀ ਮੁਲਕ ਦੇ ‘ਡਿਜੀਟਲ ਹਮਲੇ’ ਨਾਲ ਸਿੱਝਣ ਲਈ ‘ਅਜੇਤੂ ਫਾਇਰਵਾਲ’ ਤਿਆਰ ਕਰਨ।

ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਕਿਹਾ ਕਿ ਉਹ ਇਸ ਬਾਰੇ ਸਬੰਧਤ ਮੰਤਰੀ ਨੂੰ ਜਾਣਕਾਰੀ ਦੇਣ ਅਤੇ ਉਹ ਦੇਖਣ ਕਿ ਇਸ ’ਚ ਜੇਕਰ ਕੋਈ ਸੱਚਾਈ ਹੈ ਤਾਂ ਉਹ ਇਸ ਨਾਲ ਨਜਿੱਠਣ ਲਈ ਕਦਮ ਉਠਾਊਣ। ਕਾਂਗਰਸ ਮੈਂਬਰ ਕੇ ਸੀ ਵੇਣੂਗੋਪਾਲ ਤੇ ਰਾਜੀਵ ਸਤਵ ਨੇ ਸਿਫ਼ਰਕਾਲ ਦੌਰਾਨ ਇਸ ਬਾਰੇ ਮੀਡੀਆ ’ਚ ਪ੍ਰਕਾਸ਼ਿਤ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ।

ਭਾਰਤੀ ਸੈਨਾ ਪੂਰਬੀ ਲੱਦਾਖ ’ਚ ਆਰ-ਪਾਰ ਦੀ ਜੰਗ ਲਈ ਤਿਆਰ 

ਸੇਵਾਮੁਕਤ ਬ੍ਰਿਗੇਡੀਅਰ ਹੇਮੰਤ ਮਹਾਜਨ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਭਾਰਤੀ ਸੈਨਾ ਸਰਦੀਆਂ ’ਚ ਵੀ ਆਰ-ਪਾਰ ਦੀ ਲੜਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਨੇ ਜੰਗ ਵਰਗੇ ਹਾਲਾਤ ਪੈਦਾ ਕੀਤੇ ਤਾਂ ਉਸ ਨੂੰ ਬਿਹਤਰ ਸਿਖਲਾਈ ਪ੍ਰਾਪਤ, ਤਿਆਰ, ਚੌਕਸ ਅਤੇ ਮਨੋਵਿਗਿਆਨਕ ਤੌਰ ’ਤੇ ਮਜ਼ਬੂਤ ਭਾਰਤੀ ਫ਼ੌਜ ਦਾ ਸਾਹਮਣਾ ਕਰਨਾ ਪਵੇਗਾ। ਸਾਬਕਾ ਬ੍ਰਿਗੇਡੀਅਰ ਦੇ ਇਸ ਬਿਆਨ ਨੂੰ ਫ਼ੌਜ ਦੀ ਉੱਤਰੀ ਕਮਾਂਡ ਦੇ ਪੀਆਰਓ ਵੱਲੋਂ ਊਧਮਪੁਰ ’ਚ ਮੀਡੀਆ ਨੂੰ ਵੰਡਿਆ ਗਿਆ ਸੀ। ਪਰ ਸ਼ਾਮ ਨੂੰ ਮੀਡੀਆ ਨੂੰ ਭੇਜੇ ਗਏ ਈਮੇਲ ਸੁਨੇਹੇ ’ਚ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਇਹ ਬਿਆਨ ਉੱਤਰੀ ਕਮਾਂਡ ਜਾਂ ਭਾਰਤੀ ਸੈਨਾ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ ਹੈ ਅਤੇ ਇਸ ਨੂੰ ਰੱਦ ਸਮਝਿਆ ਜਾਵੇ। ਇਕ ਹੋਰ ਵੱਖਰੇ ਵੱਟਸਐਪ ਸੁਨੇਹੇ ’ਚ ਪੀਆਰਓ ਨੇ ਕਿਹਾ ਕਿ ਇਹ ਬਿਆਨ ਸੇਵਾਮੁਕਤ ਬ੍ਰਿਗੇਡੀਅਰ ਹੇਮੰਤ ਮਹਾਜਨ ਦਾ ਹੈ ਜਿਸ ਨੂੰ ਗਲਤੀ ਨਾਲ ਉੱਤਰੀ ਕਮਾਂਡ ਦਾ ਬਿਆਨ ਦੱਸਿਆ ਗਿਆ।