India

ਭਾਰਤ-ਚੀਨ ਦੇ ਸਰਹੱਦੀ ਰੌਲੇ ਦੇ ਚੱਲਣ ਦੇ ਬਾਵਜੂਦ ਵੀ ਭਾਰਤੀ ਫੌਜ ਨੇ ਇਨ੍ਹਾਂ ਚੀਨੀ ਮੁਸਾਫਰਾਂ ਦੀ ਕੀਤੀ ਮਦਦ

‘ਦ ਖ਼ਾਲਸ ਬਿਊਰੋ :- ਤਿੱਬਤੀ ਪਠਾਰ ਦੀਆਂ ਉੱਚੀਆਂ ਜਗ੍ਹਾਵਾਂ ਦੇ ਰਾਹੀਂ ਆਉਂਦੇ ਕਾਰ ਸਵਾਰ ਤਿੰਨ ਚੀਨੀ ਨਾਗਰਿਕ ਅਚਾਨਕ ਆਪਣਾ ਰਸਤਾ ਭਟਕ ਗਏ ਅਤੇ ਉੱਤਰੀ ਸਿੱਕਮ ਵਿੱਚ ਪੁੱਜ ਗਏ। ਇਸ ਇਲਾਕੇ ਦੀ ਉੱਚਾਈ 17,500 ਫੁੱਟ ਹੈ। ਇਨ੍ਹਾਂ ਤਿੰਨ ਚੀਨੀ ਯਾਤਰੀਆਂ ਵਿੱਚੋਂ ਇੱਕ ਔਰਤ ਵੀ ਸ਼ਾਮਲ ਹੈ।

ਭਾਰਤੀ ਫੌਜ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਨੇ ਗਲਤ ਮੋੜ ਕੱਟ ਲਿਆ ਸੀ ਜਿਸ ਕਰਕੇ ਇਹ ਭਾਰਤ ਪੁੱਜ ਗਏ। ਭਾਰਤੀ ਫੌਜ ਵੱਲੋਂ ਇਨ੍ਹਾਂ ਚੀਨੀਆਂ ਨੂੰ ਤੁਰੰਤ ਆਕਸੀਜਨ, ਭੋਜਨ, ਤੇ ਗਰਮ ਕੱਪੜੇ ਸਣੇ ਡਾਕਟਰੀ ਮਦਦ ਦਿੱਤੀ ਗਈ ਅਤੇ ਇਨ੍ਹਾਂ ਤਿੰਨਾਂ ਚੀਨੀ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਣ ਲਈ ਸਹੀ ਰਾਹ ਦੱਸਿਆ ਗਿਆ। ਇੱਕ ਜਵਾਨ ਨੇ ਕਾਰ ਦੀ ਜਾਂਚ ਕਰਨ ਦੇ ਨਾਲ – ਨਾਲ ਤੇਲ ਦਾ ਮਾਪ ਲਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਲੋੜ ਪਈ ਤਾਂ ਗੱਡੀ ਦੀ ਟੈਂਕੀ ਫੁੱਲ ਕਰ ਦਿੱਤੀ ਜਾਵੇਗੀ।

ਉੱਥੇ ਦੂਜੇ ਪਾਸੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਚੀਨ-ਭਾਰਤ ਸਰਹੱਦ ‘ਤੇ ਅੱਪਰ ਸੁਬੰਸਰੀ ਜ਼ਿਲ੍ਹੇ ਦੇ ਜੰਗਲਾਂ ਵਿੱਚੋਂ 5 ਭਾਰਤੀਆਂ ਨੂੰ ਕਥਿਤ ਤੌਰ ’ਤੇ ਅਗਵਾ ਕੀਤਾ ਹੈ, ਜਿਸ ਦੀ ਅਰੁਣਾਚਲ ਪ੍ਰਦੇਸ਼ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਗਵਾ ਕੀਤੇ ਗਏ ਪੰਜ ਭਾਰਤੀਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਇਹ ਘਟਨਾ 4 ਸਤੰਬਰ ਨੂੰ ਜ਼ਿਲ੍ਹੇ ਦੇ ਨਾਚੋ ਖੇਤਰ ਦੀ ਹੈ। ਲਾਪਤਾ ਲੋਕਾਂ ਦੇ ਨਾਲ ਗਏ ਦੋ ਲੋਕ ਕਿਸੇ ਤਰ੍ਹਾਂ ਬੱਚ ਨਿਕਲਣ ਵਿੱਚ ਕਾਮਯਾਬ ਹੋਏ ਅਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।