‘ਦ ਖ਼ਾਲਸ ਬਿਊਰੋ :- ਲੜਾਕੂ ਜ਼ਹਾਜ ਰਫਾਲ ਤੇ ਹੋਰ ਜੰਗੀ ਸਮਾਨ ਦੀ ਖਰੀਦ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਭਾਰਤੀ ਸੁਰੱਖਿਆ ਮਾਮਲੇ ‘ਤੇ ਕਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਅਸਲੀਅਤ ਕੁੱਝ ਹੋਰ ਹੈ। ਰੱਖਿਆ ਮਾਮਲਿਆਂ ਵਿੱਚ ਚੀਨ ਨੇ ਆਪਣਾ ਦਬਦਬਾ ਪਹਿਲੇ ਨੰਬਰ ‘ਤੇ ਬਣਾ ਲਿਆ ਹੈ, ਜਦਕਿ ਭਾਰਤ ਦੀ ਫੌਜ ਨੂੰ ਦੁਨੀਆ ਵਿੱਚ ਸ਼ਕਤੀਸ਼ਾਲੀ ਹੋਣ ਦਾ ਚੌਥਾ ਸਥਾਨ ਹਾਸਿਲ ਹੋਇਆ ਹੈ। ਇਸਦਾ ਖੁਲਾਸਾ ਰੱਖਿਆ ਮਾਮਲਿਆਂ ਦੀ ਵੈੱਬਸਾਈਟ ਮਿਲਟਰੀ ਡਾਇਰੈਕਟ ਵੱਲੋਂ ਅੱਜ ਜਾਰੀ ਕੀਤੇ ਗਏ ਅਧਿਐਨ ਵਿੱਚ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਆਪਣੀ ਫੌਜ ‘ਤੇ ਕਰੀਬ 71 ਅਰਬ ਡਾਲਰ ਖਰਚ ਕਰਦਾ ਹੈ, ਫਿਰ ਵੀ ਭਾਰਤ ਰੱਖਿਆ ਮਾਮਲਿਆਂ ਵਿੱਚ ਚੀਨ ਤੋਂ 4 ਕਦਮ ਪਿੱਛੇ ਹੈ।
ਇਸ ਅਧਿਐਨ ਵਿੱਚ ਚੀਨ ਦੀ ਫੌਜ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੋਣ ਦਾ ਮਾਣ ਹਾਸਿਲ ਹੋਇਆ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ, “ਅਮਰੀਕਾ, ਜੋ ਫੌਜ ‘ਤੇ ਬਹੁਤ ਪੈਸਾ ਖਰਚਦਾ ਹੈ, 74 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹੈ।”
ਰੂਸ 69 ਅੰਕਾਂ ਨਾਲ ਤੀਸਰੇ ਅਤੇ 61 ਅੰਕ ਨਾਲ ਭਾਰਤ ਚੌਥੇ ਸਥਾਨ ਅਤੇ 58 ਅੰਕ ਲੈ ਕੇ ਫਰਾਂਸ ਪੰਜਵੇਂ ਨੰਬਰ ‘ਤੇ ਹੈ। ਬਰਤਾਨੀਆਂ 43 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।’ ਵੈੱਬਸਾਈਟ ਮੁਤਾਬਕ ਸੰਯੁਕਤ ਰਾਜ ਅਮਰੀਕਾ ਫੌਜ ’ਤੇ ਦੁਨੀਆ ਵਿੱਚ ਸਭ ਤੋਂ ਵੱਧ 732 ਅਰਬ ਡਾਲਰ ਖਰਚ ਕਰਦਾ ਹੈ। ਇਸ ਤੋਂ ਬਾਅਦ ਚੀਨ ਦੂਜੇ ਸਥਾਨ ‘ਤੇ ਹੈ, ਜੋ ਆਪਣੀ ਫੌਜ ‘ਤੇ 261 ਅਰਬ ਡਾਲਰ ਖਰਚ ਕਰਦਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜੇ ਲੜਾਈ ਹੁੰਦੀ ਹੈ ਤਾਂ ਚੀਨ ਸਮੁੰਦਰੀ ਲੜਾਈਆਂ ਵਿੱਚ ਜਿੱਤੇਗਾ, ਅਮਰੀਕਾ ਹਵਾਈ ਲੜਾਈਆਂ ਵਿੱਚ ਜਿੱਤੇਗਾ ਅਤੇ ਰੂਸ ਜ਼ਮੀਨੀ ਲੜਾਈਆਂ ਵਿੱਚ ਜਿੱਤੇਗਾ।