ਭਾਰਤੀ ਮੂਲ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਅਮਰੀਕੀ ਸ਼ਹਿਰ ਨਿਊਯਾਰਕ ਦੀ ਮੇਅਰ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਹੁਣ ਤੱਕ 50% ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ, 10 ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਆਪਣੀਆਂ ਵੋਟਾਂ ਪਾਈਆਂ ਹਨ।
ਨਿਊਯਾਰਕ ਦੇ ਸਾਬਕਾ ਗਵਰਨਰ ਅਤੇ ਆਜ਼ਾਦ ਉਮੀਦਵਾਰ ਐਂਡਰਿਊ ਕੁਓਮੋ ਦੂਜੇ ਸਥਾਨ ‘ਤੇ ਰਹੇ, ਜਿਨ੍ਹਾਂ ਨੂੰ 41% ਭਾਵ ਲਗਭਗ 8.5 ਲੱਖ ਵੋਟਾਂ ਮਿਲੀਆਂ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਰਟਿਸ ਸਲੀਵਾ 7.1% ਭਾਵ ਲਗਭਗ 1.45 ਲੱਖ ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ।
ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਮਮਦਾਨੀ ਚੋਣ ਜਿੱਤਦੇ ਹਨ ਤਾਂ ਨਿਊਯਾਰਕ ਦੇ ਫੰਡਿੰਗ ਵਿੱਚ ਕਟੌਤੀ ਕੀਤੀ ਜਾਵੇਗੀ।
ਮਮਦਾਨੀ ਪਿਛਲੇ 100 ਸਾਲਾਂ ਵਿੱਚ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ, ਪਹਿਲੇ ਭਾਰਤੀ-ਅਮਰੀਕੀ ਅਤੇ ਪਹਿਲੇ ਮੁਸਲਿਮ ਮੇਅਰ ਹੋਣਗੇ। ਉਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ।
ਜੋਹਰਾਨ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਹਨ, ਜਦਕਿ ਉਨ੍ਹਾਂ ਦੇ ਪਿਤਾ ਮਹਿਮੂਦ ਮਮਦਾਨੀ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਇਹ ਜਿੱਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜਿਨ੍ਹਾਂ ਨੇ ਖੁੱਲ੍ਹੇ ਤੌਰ ‘ਤੇ ਮਮਦਾਨੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਂਡ੍ਰਿਊ ਕੁਓਮੋ ਦਾ ਸਮਰਥਨ ਕੀਤਾ ਸੀ।
ਮਮਦਾਨੀ ਨੇ ਆਪਣੇ ਪ੍ਰਚਾਰ ਵਿੱਚ ਮੁੱਖ ਤੌਰ ‘ਤੇ ਕਿਰਾਏ ‘ਤੇ ਕੰਟਰੋਲ ਵਧਾਉਣ ਅਤੇ ਰਿਹਾਇਸ਼ੀ ਸੰਕਟ ਨੂੰ ਖ਼ਤਮ ਕਰਨ ਵਰਗੇ ਪ੍ਰਗਤੀਸ਼ੀਲ ਵਾਅਦੇ ਕੀਤੇ ਸਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਨ੍ਹਾਂ ਦਾ ਕਾਫ਼ੀ ਸਮਰਥਨ ਕੀਤਾ ਤੇ ਵੋਟ ਪਾ ਕੇ ਉਨ੍ਹਾਂ ਨੂੰ ਸ਼ਹਿਰ ਦਾ ਮੇਅਰ ਬਣਾਇਆ। ਇਸ ਜਿੱਤ ਮਗਰੋਂ ਮਮਦਾਨੀ ਨੇ ਕਿਹਾ, “ਮੈਂ ਹਰ ਨਿਊਯਾਰਕਵਾਸੀ ਦਾ ਮੇਅਰ ਬਣਾਂਗਾ।”

