ਦਿੱਲੀ : ਭਾਰਤ ਨੇ ਏਸ਼ੀਆਈ ਖੇਡਾਂ ਦੇ ਨੌਵੇਂ ਦਿਨ ਯਾਨੀ 2 ਅਕਤੂਬਰ ਨੂੰ ਰੋਲਰ ਸਕੇਟਿੰਗ ਵਿੱਚ ਤਗਮਾ ਜਿੱਤ ਕੇ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਇਹ ਤਗਮਾ ਔਰਤਾਂ ਦੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਦੌੜ ਵਿੱਚ ਹਾਸਲ ਕੀਤਾ। ਭਾਰਤੀ ਪੁਰਸ਼ ਟੀਮ ਨੇ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਦੌੜ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ। ਇਸ ਨਾਲ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 55 ਹੋ ਗਈ ਹੈ।
ਏਸ਼ੀਆਈ ਖੇਡਾਂ ਦੇ ਨੌਵੇਂ ਦਿਨ ਸੋਮਵਾਰ 2 ਅਕਤੂਬਰ ਨੂੰ ਸੰਜਨਾ, ਕਾਰਤਿਕਾ, ਹੀਰਲ ਅਤੇ ਆਰਤੀ ਦੀ ਟੀਮ ਨੇ ਭਾਰਤ ਨੂੰ ਪਹਿਲਾ ਤਗਮਾ ਦਿਵਾਇਆ। ਭਾਰਤੀ ਮਹਿਲਾ ਟੀਮ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਦੌੜ ਵਿੱਚ 4 ਮਿੰਟ 34.86 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ। ਇਸ ਤਰ੍ਹਾਂ ਭਾਰਤੀ ਮਹਿਲਾ ਟੀਮ ਨੂੰ ਕਾਂਸੀ ਦਾ ਤਗਮਾ ਮਿਲਿਆ।
ਭਾਰਤੀ ਮਹਿਲਾ ਟੀਮ ਦੇ ਇਸ ਪ੍ਰਦਰਸ਼ਨ ਤੋਂ ਕੁਝ ਸਮੇਂ ਬਾਅਦ ਹੀ ਪੁਰਸ਼ ਟੀਮ ਨੇ ਵੀ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ। ਆਰੀਅਨ ਪਾਲ, ਆਨੰਦ ਕੁਮਾਰ, ਸਿਧਾਂਤ ਅਤੇ ਵਿਕਰਮ ਦੀ ਕੁਆਟਰ ਨੇ 4 ਮਿੰਟ 10.1298 ਸਕਿੰਟ ਦੇ ਸਮੇਂ ਨਾਲ ਇਹ ਤਗਮਾ ਜਿੱਤਿਆ।
ਸੋਮਵਾਰ ਨੂੰ ਇਨ੍ਹਾਂ ਦੋ ਤਗਮਿਆਂ ਨਾਲ ਏਸ਼ੀਆਈ ਖੇਡਾਂ 2023 ‘ਚ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 55 ਹੋ ਗਈ ਹੈ। ਇਨ੍ਹਾਂ ਵਿੱਚ 13 ਸੋਨ ਤਗਮੇ ਸ਼ਾਮਲ ਹਨ। 13 ਸੋਨ ਤਗਮਿਆਂ ਦੇ ਨਾਲ, ਭਾਰਤ ਨੇ 21 ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਮੇਜ਼ਬਾਨ ਚੀਨ 136 ਸੋਨ ਤਗਮਿਆਂ ਸਮੇਤ ਕੁੱਲ 248 ਤਗਮਿਆਂ ਨਾਲ ਤਗਮਾ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ।