ਬਿਉਰੋ ਰਿਪੋਰਟ : ਕੈਨੇਡਾ ਨਾਲ ਰਿਸ਼ਤਿਆਂ ਨੂੰ ਲੈਕੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਅਸੀਂ ਵੀਜ਼ਾ ਸ਼ੁਰੂ ਕਰਾਂਗੇ,ਪਰ ਸਾਡੀ ਪਹਿਲ ਡਿਪਲੋਮੈਟਕ ਦੀ ਸੁਰੱਖਿਆ ਹੈ । ਜੈਸ਼ੰਕਰ ਨੇ ਕੋਟਲਿਆ ਇਕੋਨਾਮਿਕਸ ਕਨਵੈਨਸ਼ਨ 2023 ਦੇ ਸਮਾਗਮ ਵਿੱਚ ਇਹ ਗੱਲ ਕਹੀ ।
ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਰਿਸ਼ਤੇ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹਨ । ਸਾਡਾ ਮਤਭੇਦ ਕੈਨੇਡਾ ਦੀ ਸਿਆਸਤ ਦੇ ਕੁਝ ਹਿਸਿਆਂ ਨਾਲ ਹੈ । ਫਿਲਹਾਲ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਵੀਜ਼ਾ ਨੂੰ ਲੈਕੇ ਹੈ । ਕੁਝ ਹਫਤੇ ਪਹਿਲਾਂ ਅਸੀਂ ਕੈਨੇਡਾ ਦੇ ਵੀਜ਼ੇ ਜਾਰੀ ਕਰਨੇ ਬੰਦ ਕਰ ਦਿੱਤੇ ਸਨ । ਕਿਉਂਕਿ ਸਾਡੇ ਡਿਪਲੋਮੈਟ ਦੇ ਲਈ ਵੀਜ਼ਾ ਜਾਰੀ ਕਰਨ ਦੇ ਕੰਮ ‘ਤੇ ਜਾਣਾ ਸੇਫ ਨਹੀਂ ਸੀ । ਜੇਕਰ ਸਾਨੂੰ ਕੈਨੇਡਾ ਵਿੱਚ ਸਾਡੇ ਡਿਪਲੋਮੈਟ ਦੀ ਸੁਰੱਖਿਆ ਦੀ ਭਾਵਨਾ ਵਿਖਾਈ ਦੇਵੇਗੀ ਤਾਂ ਅਸੀਂ ਮੁੜ ਤੋਂ ਵੀਜ਼ਾ ਜਾਰੀ ਕਰਨੇ ਸ਼ੁਰੂ ਕਰ ਦੇਵਾਂਗੇ ।
ਕੈਨੇਡਾ ਦੇ 41 ਡਿਪਲੋਮੈਟ ਨੂੰ ਵਾਪਸ ਭੇਜਣ ‘ਤੇ ਦੋਵਾਂ ਦੇਸ਼ਾਂ ਵਿੱਚ ਤਲਖ਼ੀ ਵੱਧ ਗਈ ਸੀ । ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਇਸ ਨੂੰ ਵਿਅਨਾ ਸਮਝੌਤੇ ਦਾ ਉਲੰਘਣ ਦੱਸਿਆ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਖ਼ਾਰਜ ਕਰਦੇ ਹੋਏ ਕਿਹਾ ਕੈਨੇਡਾ ਦੇ ਡਿਪਲੋਮੈਟ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਸਨ ਇਸੇ ਲਈ ਇਹ ਕਦਮ ਚੁੱਕਿਆ ਸੀ।
ਡਿਪਲੋਮੈਟ ਨੂੰ ਵਾਪਸ ਭੇਜਣ ‘ਤੇ ਟਰੂਡੋ ਸਖਤ ਨਰਾਜ਼
ਉੱਧਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਪੀਐੱਮ ਟਰੂਡੋ ਨੇ ਕਿਹਾ ਭਾਰਤ ਕੂਟਨੀਤੀ ਦੇ ਮੂਲ ਸਿਧਾਂਤ ਦੀ ਉਲੰਘਣਾ ਕਰਕੇ ਲੱਖਾਂ ਲੋਕਾਂ ਦੇ ਜੀਵਨ ਨੂੰ ਮੁਸ਼ਕਿਲ ਵਿੱਚ ਪਾ ਰਿਹਾ ਹੈ । ਮੈਂ ਉਨ੍ਹਾਂ ਕੈਨੇਡਾ ਦੇ ਲੋਕਾਂ ਦੇ ਲਈ ਸਭ ਤੋਂ ਜ਼ਿਆਦਾ ਚਿੰਤਾ ਵਿੱਚ ਹਾਂ, ਜਿਨ੍ਹਾਂ ਦੀ ਜੜਾ ਭਾਰਤ ਨਾਲ ਜੁੜੀਆਂ ਹਨ । ਟਰੂਡੋ ਨੇ ਕਿਹਾ ਭਾਰਤ ਤੋਂ ਕੁਝ ਕੈਨੇਡਾ ਦੇ ਡਿਪਲੋਮੈਟ ਨੂੰ ਕੱਢੇ ਜਾਣ ਨਾਲ ਟਰੈਵਲਿੰਗ ਅਤੇ ਵਪਾਰ ਨੂੰ ਲੈ ਕੇ ਮੁਸ਼ਕਲਾਂ ਆਉਣਗੀਆਂ ।
ਟਰੂ਼ਡੋ ਨੇ ਕਿਹਾ ਇਸ ਨਾਲ ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਪਰੇਸ਼ਾਨ ਹੋਣਗੇ। ਭਾਰਤ ਦੇ ਵੱਲੋਂ 41 ਕੈਨੇਡਾ ਦੇ ਡਿਪਲੋਮੈਟ ਨੂੰ ਵਾਪਸ ਭੇਜਣ ਦੇ ਅਮਰੀਕਾ ਅਤੇ ਬ੍ਰਿਟੇਨ ਦਾ ਬਿਆਨ ਵੀ ਸਾਹਮਣੇ ਆਇਆ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਕੈਨੇਡਾ ਸਰਕਾਰ ਦੇ ਫ਼ੈਸਲੇ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ ‘ਤੇ ਨਜ਼ਰ ਆਵੇਗਾ।
ਅਮਰੀਕਾ ਅਤੇ ਬ੍ਰਿਟੇਨ ਭਾਰਤ ਦੇ ਫ਼ੈਸਲੇ ਤੋਂ ਸਹਿਮਤ ਨਹੀਂ ਸੀ
ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੈਥਯੂ ਮਿਲਰ ਨੇ ਕਿਹਾ ਸੀ ਅਸੀਂ ਭਾਰਤ ਤੋਂ ਕੈਨੇਡਾ ਦੇ ਡਿਪਲੋਮੈਟ ਦੇ ਜਾਣ ‘ਤੇ ਚਿਤਾ ਵਿੱਚ ਹਾਂ। ਦੋਵੇ ਦੇਸ਼ਾਂ ਦੇ ਵਿਚਾਲੇ ਮਸਲੇ ਸੁਲਝਾਉਣ ਦੇ ਲਈ ਡਿਪਲੋਮੈਟ ਦਾ ਹੋਣਾ ਬਹੁਤ ਜ਼ਰੂਰੀ ਹੈ । ਅਮਰੀਕਾ ਨੇ ਕਿਹਾ ਅਸੀਂ ਭਾਰਤ ਨੂੰ ਕੈਨੇਡਾ ਦੇ ਡਿਪਲੋਮੈਟ ਨੂੰ ਨਾ ਕੱਢਣ ਦੀ ਅਪੀਲ ਕੀਤੀ ਸੀ । ਨਾਲ ਹੀ ਨਿੱਝਰ ਮਾਮਲੇ ਵਿੱਚ ਕੈਨੇਡਾ ਨੂੰ ਜਾਂਚ ਵਿੱਚ ਮਦਦ ਕਰਨ ਲਈ ਕਿਹਾ ਸੀ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ 1961 ਦੇ ਵਿਅਨਾ ਸਮਝੌਤੇ ਦਾ ਪਾਲਨ ਕਰੇਗਾ। ਜਿਸ ਵਿੱਚ ਡਿਪਲੋਮੈਟ ਦੇ ਖ਼ਾਸ ਅਧਿਕਾਰਾਂ ਦੇ ਬਾਰੇ ਦੱਸਿਆ ਗਿਆ ਹੈ ।
ਦੂਜੇ ਪਾਸੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਦਾ ਵੀ ਕੈਨੇਡਾ ਦੇ ਡਿਪਲੋਮੈਟ ਨੂੰ ਭਾਰਤ ਤੋਂ ਕੱਢਣ ਨੂੰ ਲੈਕੇ ਬਿਆਨ ਸਾਹਮਣੇ ਆਇਆ ਸੀ । ਉਨ੍ਹਾਂ ਕਿਹਾ ਅਸੀਂ ਭਾਰਤ ਤੋਂ ਕੈਨੇਡਾ ਦੇ ਡਿਪਲੋਮੈਟ ਨੂੰ ਹਟਾਉਣ ਦੇ ਫ਼ੈਸਲੇ ਤੋਂ ਸਹਿਮਤ ਨਹੀਂ ਹਾਂ। ਡਿਪਲੋਮੈਟਾਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਦਿੱਤੇ ਗਏ ਖਾਸ ਅਧਿਕਾਰਾਂ ਅਤੇ ਇਮਯੂਨਿਟੀ ਨੂੰ ਇੱਕ ਪਾਸੜ ਹਟਾਉਣਾ ਵਿਅਨਾ ਕਨਵੈੱਨਸ਼ਨ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ ।
ਵੀਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਕਿਹਾ ਸੀ ਕਿ ਭਾਰਤ ਦੇ ਫ਼ੈਸਲੇ ਦੇ ਖ਼ਿਲਾਫ਼ ਕੈਨੇਡਾ ਕੋਈ ਜਵਾਬੀ ਕਾਰਵਾਈ ਨਹੀਂ ਕਰੇਗਾ । ਕਿਉਂਕਿ ਉਹ ਕੌਮਾਂਤਰੀ ਕਾਨੂੰਨਾਂ ਦਾ ਪਾਲਨ ਕਰਦੇ ਹਨ। ਇਸ ‘ਤੇ ਵਿਦੇਸ਼ ਮੰਤਰਾਲਾ ਨੇ ਕਿਹਾ ਅਸੀਂ ਕੋਈ ਵੀ ਕੌਮਾਂਤਰੀ ਕਾਨੂੰਨ ਦਾ ਉਲੰਘਣ ਨਹੀਂ ਕੀਤਾ ਹੈ ਅਤੇ ਨਾ ਹੀ ਇਸ ਨੂੰ ਇਸ ਤਰ੍ਹਾਂ ਲਿਆ ਜਾਣਾ ਚਾਹੀਦਾ ਹੈ ।
ਦਰਅਸਲ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਸੀ ਕਿ ਕੈਨੇਡਾ ਤੋਂ ਉਸ ਦੇ ਡਿਪਲੋਮੈਟ ਹਟਾਉਣ ਦੇ ਲਈ ਕਿਹਾ ਹੈ । ਤਾਂਕਿ ਦੋਵਾਂ ਦੇਸ਼ਾਂ ਦੇ ਬਰਾਬਰ ਡਿਪਲੋਮੈਟ ਹੋਣ। ਭਾਰਤ ਵਿੱਚ ਮੌਜੂਦ ਕੈਨੇਡਾ ਦੇ ਵਾਧੂ ਡਿਪਲੋਮੈਟ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ।
ਪੰਜਾਬੀਆਂ ਨੂੰ ਹੁਣ ਦਿੱਲੀ ਆਉਣਾ ਪਏਗਾ
ਕੈਨੇਡਾ ਸਰਕਾਰ ਨੇ ਚੰਡੀਗੜ੍ਹ ਵਿੱਚ ਆਪਣੀ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਹਨ । ਚੰਡੀਗੜ੍ਹ ਵਿੱਚ ਕੈਨੇਡਾ ਦੀ ਅੰਬੈਸੀ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਹੈ । ਹੁਣ ਪੰਜਾਬ ਤੋਂ ਕੈਨੇਡਾ ਜਾਣ ਵਾਲਿਆਂ ਨੂੰ ਦਿੱਲੀ ਆਕੇ ਵੀਜ਼ਾ ਲਗਵਾਉਣਾ ਪਏਗਾ। ਪਹਿਲਾਂ ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਨੂੰ ਕੈਨੇਡਾ ਤੋਂ ਹੀ ਵੀਜ਼ਾ ਮਿਲ ਜਾਂਦਾ ਸੀ।
ਇਸ ਦੇ ਲਈ ਉਨ੍ਹਾਂ ਨੂੰ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੁੰਦੀ ਸੀ । ਚੰਡੀਗੜ੍ਹ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਜਾਂਦੇ ਹਨ । ਜ਼ਿਆਦਾ ਵਿਦਿਆਰਥੀ ਅਤੇ ਟੂਰਿਸਟ ਵੀਜ਼ਾ ‘ਤੇ ਲੋਕ ਬਾਹਰ ਜਾਂਦੇ ਹਨ। ਪਰ ਹੁਣ ਵੀਜ਼ਾ ਸੈਂਟਰ ਬੰਦ ਹੋਣ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ।