India International

ਭਾਰਤੀ ਨਾਗਰਿਕਾਂ ਨੂੰ ਤੁਰੰਤ ਲੇਬਨਾਨ ਛੱਡਣ ਲਈ ਕਿਹਾ! ਘੁਸਪੈਠ ਦੀ ਤਿਆਰੀ ਕਰ ਰਹੀ ਇਜ਼ਰਾਇਲੀ ਫੌਜ

ਬਿਉਰੋ ਰਿਪੋਰਟ: ਭਾਰਤ ਸਰਕਾਰ ਨੇ ਬੁੱਧਵਾਰ ਦੇਰ ਰਾਤ ਲੇਬਨਾਨ ਵਿੱਚ ਜੰਗ ਵਰਗੀ ਸਥਿਤੀ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ। ਬੇਰੂਤ ਸਥਿਤ ਭਾਰਤੀ ਦੂਤਾਵਾਸ ਨੇ ਇੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ। ਦੋ ਮਹੀਨੇ ਪਹਿਲਾਂ ਦੂਤਘਰ ਨੇ ਵੀ ਲੋਕਾਂ ਨੂੰ ਉੱਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।

ਪਿਛਲੇ 8 ਦਿਨਾਂ ’ਚ ਲੇਬਨਾਨ ਅਤੇ ਇਜ਼ਰਾਈਲ ਵਿਚਾਲੇ ਹਮਲਿਆਂ ’ਚ ਵਾਧਾ ਹੋਇਆ ਹੈ। ਇਨ੍ਹਾਂ ’ਚ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਇਲੀ ਫੌਜ ਲੇਬਨਾਨ ਵਿੱਚ ਘੁਸਪੈਠ ਕਰਨ ਦੀ ਤਿਆਰੀ ਕਰ ਰਹੀ ਹੈ। ਅਜਿਹੇ ਵਿੱਚ ਮੱਧ ਪੂਰਬ ਵਿੱਚ ਇੱਕ ਹੋਰ ਜੰਗ ਦਾ ਖ਼ਤਰਾ ਮੰਡਰਾ ਰਿਹਾ ਹੈ।

ਸੀਐਨਐਨ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਮਿਲਟਰੀ ਚੀਫ ਹਰਜਾਈ ਹਾਲੇਵੀ ਨੇ ਬੁੱਧਵਾਰ ਨੂੰ ਕਿਹਾ ਕਿ ਲੇਬਨਾਨ ਵਿੱਚ ਉਨ੍ਹਾਂ ਦੇ ਹਵਾਈ ਹਮਲਿਆਂ ਦਾ ਮਕਸਦ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਅਤੇ ਜ਼ਮੀਨੀ ਘੁਸਪੈਠ ਦਾ ਰਾਹ ਲੱਭਣਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਦੇਰ ਰਾਤ ਹਿਜ਼ਬੁੱਲਾ ਦੇ 75 ਟਿਕਾਣਿਆਂ ’ਤੇ ਹਮਲਾ ਕੀਤਾ। ਬੁੱਧਵਾਰ ਨੂੰ ਇਜ਼ਰਾਇਲੀ ਹਮਲੇ ’ਚ ਘੱਟੋ-ਘੱਟ 72 ਲੋਕਾਂ ਦੀ ਮੌਤ ਹੋ ਗਈ।

ਹਾਲੇਵੀ ਨੇ ਕਿਹਾ ਕਿ ਇਜ਼ਰਾਈਲੀ ਬਲ ਹਿਜ਼ਬੁੱਲਾ ਦੇ ਖੇਤਰ ਵਿਚ ਦਾਖ਼ਲ ਹੋਣਗੇ ਅਤੇ ਉਨ੍ਹਾਂ ਦੀਆਂ ਫੌਜੀ ਚੌਕੀਆਂ ਨੂੰ ਤਬਾਹ ਕਰ ਦੇਣਗੇ। ਫਿਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਜ਼ਰਾਈਲੀ ਫ਼ੌਜ ਦਾ ਸਾਹਮਣਾ ਕਰਨ ਦਾ ਕੀ ਮਤਲਬ ਹੈ। ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਦੇ ਹਮਲਿਆਂ ਕਾਰਨ ਇਜ਼ਰਾਇਲੀ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਹੁਣ ਉਹ ਆਪਣੇ ਘਰਾਂ ਨੂੰ ਪਰਤ ਸਕਣਗੇ।