ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਟੀਮ ਇੰਡੀਆ ਤੂਫਾਨ ਬੇਰੀਲ ਕਾਰਨ ਬਾਰਬਾਡੋਸ ਵਿੱਚ ਫਸ ਗਈ ਹੈ। ਭਾਰਤੀ ਟੀਮ ਨੇ ਸੋਮਵਾਰ ਯਾਨੀ ਅੱਜ ਭਾਰਤ ਆਉਣ ਲਈ ਨਿਊਯਾਰਕ ਲਈ ਉਡਾਣ ਭਰਨੀ ਸੀ ਪਰ ਖਰਾਬ ਮੌਸਮ ਕਾਰਨ ਟੀਮ ਦਾ ਪ੍ਰੋਗਰਾਮ ਵਿਗੜ ਗਿਆ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਇਸ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਟਲਾਂਟਿਕ ਵਿੱਚ ਆਉਣ ਵਾਲੇ ਤੂਫਾਨ ਬੇਰੀਲ ਕਾਰਨ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਹ ਸ਼੍ਰੇਣੀ 4 ਦਾ ਤੂਫਾਨ ਬਾਰਬਾਡੋਸ ਤੋਂ ਲਗਭਗ 570 ਕਿਲੋਮੀਟਰ ਪੂਰਬ-ਦੱਖਣ ਪੂਰਬ ਵੱਲ ਸੀ ਅਤੇ ਇਸ ਕਾਰਨ ਹਵਾਈ ਅੱਡੇ ’ਤੇ ਕੰਮਕਾਜ ਫਿਲਹਾਲ ਰੁਕਿਆ ਹੋਇਆ ਹੈ। ਹਾਲਾਤ ਅਜਿਹੇ ਹਨ ਕਿ ਹਵਾਈ ਅੱਡੇ ਨੂੰ ਇੱਕ ਦਿਨ ਲਈ ਬੰਦ ਕਰਨਾ ਪੈ ਸਕਦਾ ਹੈ।
ਸੂਤਰਾਂ ਮੁਤਾਬਕ ਮਿੱਥੇ ਪ੍ਰੋਗਰਾਮ ਦੇ ਤਹਿਤ ਟੀਮ ਨੇ ਬ੍ਰਿਜਟਾਊਨ ਤੋਂ ਨਿਊਯਾਰਕ ਜਾਣਾ ਸੀ ਅਤੇ ਫਿਰ ਦੁਬਈ ਦੇ ਰਸਤੇ ਭਾਰਤ ਪਹੁੰਚਣਾ ਸੀ। ਹੁਣ ਦਿੱਲੀ ਤੋਂ ਸਿੱਧੀ ਚਾਰਟਰਡ ਫਲਾਈਟ ਲੈਣ ਦੀ ਯੋਜਨਾ ਹੈ। ਉੱਥੇ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸਹਾਇਕ ਸਟਾਫ, ਪਰਿਵਾਰ ਅਤੇ ਅਧਿਕਾਰੀਆਂ ਸਮੇਤ ਲਗਭਗ 70 ਮੈਂਬਰ ਹਨ।