The Khalas Tv Blog International ਹੋਰਮੁਜ਼ ’ਚ ਭਾਰਤੀ ਜਹਾਜ਼ਾਂ ’ਤੇ ਬਿਨਾਂ ਚਿਤਾਵਨੀ ਦਿੱਤੇ ਫਾਇਰਿੰਗ! ਭਾਰਤ ਨੇ ਇਰਾਨੀ ਰਾਜਦੂਤ ਨੂੰ ਕੀਤਾ ਤਲਬ
International

ਹੋਰਮੁਜ਼ ’ਚ ਭਾਰਤੀ ਜਹਾਜ਼ਾਂ ’ਤੇ ਬਿਨਾਂ ਚਿਤਾਵਨੀ ਦਿੱਤੇ ਫਾਇਰਿੰਗ! ਭਾਰਤ ਨੇ ਇਰਾਨੀ ਰਾਜਦੂਤ ਨੂੰ ਕੀਤਾ ਤਲਬ

ਤਹਿਰਾਨ (18 ਅਪ੍ਰੈਲ, 2026): ਹੋਰਮੁਜ਼ ਜਲਡਮਰੂ ਤੋਂ ਗੁਜ਼ਰ ਰਹੇ ਦੋ ਵਪਾਰਕ ਜਹਾਜ਼ਾਂ ’ਤੇ ਸ਼ਨੀਵਾਰ ਦੁਪਹਿਰ ਨੂੰ ਇਰਾਨੀ ਗਨਬੋਟਸ ਵੱਲੋਂ ਗੋਲੀਬਾਰੀ ਕੀਤੀ ਗਈ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਭਾਰਤੀ ਝੰਡੇ ਵਾਲਾ ਤੇਲ ਟੈਂਕਰ ਸੀ। ਰਿਪੋਰਟਾਂ ਅਨੁਸਾਰ, ਇਰਾਨ ਦੇ ਰਿਵੋਲਿਊਸ਼ਨਰੀ ਗਾਰਡ (IRGC) ਦੀਆਂ ਦੋ ਗਨਬੋਟਸ ਨੇ ਬਿਨਾਂ ਕਿਸੇ ਰੇਡੀਓ ਚਿਤਾਵਨੀ ਦੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਜਹਾਜ਼ਾਂ ਨੂੰ ਆਪਣਾ ਰਸਤਾ ਬਦਲ ਕੇ ਵਾਪਸ ਮੁੜਨਾ ਪਿਆ।

ਇਸ ਘਟਨਾ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਸਖ਼ਤ ਕਾਰਵਾਈ ਕਰਦਿਆਂ ਭਾਰਤ ਵਿੱਚ ਤਾਇਨਾਤ ਇਰਾਨ ਦੇ ਰਾਜਦੂਤ ਡਾ. ਮੁਹੰਮਦ ਫਥਅਲੀ ਨੂੰ ਤਲਬ ਕੀਤਾ। ਭਾਰਤ ਨੇ ਇਸ ਘਟਨਾ ’ਤੇ ਆਪਣੀ ਗੰਭੀਰ ਚਿੰਤਾ ਅਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਰਸਮੀ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਇਰਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਕਿਸ ਅਧਿਕਾਰ ਤਹਿਤ ਨਾਗਰਿਕ ਜਹਾਜ਼ਾਂ ’ਤੇ ਹਮਲਾ ਕੀਤਾ ਗਿਆ।

ਜਹਾਜ਼ ਅਤੇ ਕਰੂ ਮੈਂਬਰ ਸੁਰੱਖਿਅਤ

ਭਾਰਤੀ ਜਹਾਜ਼ ‘ਦੇਸ਼ ਗਰਿਮਾ’ (Desh Garima) ਤੋਂ ਇਲਾਵਾ ਸੱਤ ਹੋਰ ਜਹਾਜ਼ਾਂ ਨੇ ਵੀ ਲੰਘਣ ਦੀ ਕੋਸ਼ਿਸ਼ ਕੀਤੀ ਸੀ, ਪਰ ਤਣਾਅ ਵਧਣ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਵੀ ਕਰੂ ਮੈਂਬਰ ਦੇ ਜ਼ਖ਼ਮੀ ਹੋਣ ਜਾਂ ਜਹਾਜ਼ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭਾਰਤੀ ਜਹਾਜ਼ ਲਗਭਗ 20 ਲੱਖ ਬੈਰਲ ਇਰਾਕੀ ਤੇਲ ਲੈ ਕੇ ਜਾ ਰਿਹਾ ਸੀ।

Exit mobile version