ਬਿਉਰੋ ਰਿਪੋਰਟ : ਭਾਰਤ ਵਿੱਚ G20 ਸੰਮੇਲਨ ਦੀ ਮੇਜ਼ਬਾਨੀ ਦੀ ਪੂਰੀ ਦੁਨੀਆ ਵਿੱਚ ਤਾਰੀਫ ਹੋ ਰਹੀ ਹੈ । ਕੇਂਦਰ ਸਰਕਾਰ ਦਾ ਦਾਅਵਾ ਹੈ ਇਸ ਨਾਲ ਦੇਸ਼ ਦਾ ਕੌਮਾਂਤਰੀ ਕੱਦ ਉੱਚਾ ਹੋਇਆ ਹੈ । ਸਭ ਤੋਂ ਵੱਡੀ ਉਪਲਭਦੀ ਇਹ ਰਹੀ ਕਿ ਰੂਸ ਅਤੇ ਯੂਕੇਨ ਜੰਗ ਵਿੱਚ ਵੰਡੇ G20 ਦੇਸ਼ਾਂ ਨੂੰ ਭਾਰਤ ਨੇ ਆਪਣੀ ਕੂਟਨੀਤੀ ਦੇ ਨਾਲ 100 ਤੋਂ ਵੱਧ ਮੁੱਦਿਆਂ ‘ਤੇ ਸਹਿਮਤੀ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ । ਪਰ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਇਸ ‘ਤੇ ਖਰਚ ਕੀਤੇ ਗਏ ਰੁਪਏ ਅਤੇ ਆਮ ਲੋਕਾਂ ਨੂੰ ਇਸ ਦੇ ਫਾਇਦੇ ਬਾਰੇ ਚਰਚਾਵਾ ਸ਼ੁਰੂ ਹੋ ਗਈਆਂ ਹਨ । ਕੈਨੇਡਾ ਤੋਂ ਬਾਅਦ ਭਾਰਤ ਦੂਜਾ ਅਜਿਹਾ ਮੁਲਕ ਬਣ ਗਿਆ ਹੈ ਜਿਸ ਨੇ ਪਾਣੀ ਵਾਂਗ G20 ਸੰਮੇਲਨ ਦੇ ‘ਤੇ ਪੈਸਾ ਖਰਚ ਕੀਤਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਭਾਰਤ ਵੱਲੋਂ ਕੀਤਾ ਗਿਆ ਖਰਚ ਪਿਛਲੇ ਸਾਲ ਇੰਡੋਨੇਸ਼ੀਆਂ ਵਿੱਚ ਹੋਏ G20 ਸੰਮੇਲਨ ਤੋਂ ਵੀ 10 ਗੁਣਾ ਵੱਧ ਹੈ ।
ਕੈਨੇਡਾ ਨੇ 2010 ਵਿੱਚ ਜਦੋਂ G2O ਮੁਲਕਾਂ ਦੀ ਮੇਜ਼ਬਾਨੀ ਕੀਤੀ ਸੀ ਤਾਂ 4351 ਕਰੋੜ ਖਰਚ ਕੀਤੇ ਸਨ ਜਦਕਿ ਪਿਛਲੇ 2022 ਵਿੱਚ ਇੰਡੋਨੇਸ਼ੀਆ ਨੇ 364 ਕਰੋੜ ਖਰਚ ਕੀਤੇ ਸਨ । 2019 ਵਿੱਚ ਜਾਪਾਨ ਨੇ 2660 ਕਰੋੜ,ਰੂਸ ਨੇ 2013 ਵਿੱਚ 170 ਕਰੋੜ,ਆਸਟੇਲੀਆ ਨੇ 2014 ਵਿੱਚ 2,653,ਫਰਾਂਸ ਨੇ 2011 ਵਿੱਚ 712 ਕਰੋੜ, ਜਰਮਨੀ ਨੇ 2017 ਵਿੱਚ 642 ਕਰੋੜ ਖਰਚ ਕੀਤੇ ਸਨ,ਜਦਕਿ 2016 ਵਿੱਚ ਮੇਜ਼ਬਾਨੀ ਕਰਨ ਵਾਲੇ ਚੀਨ ਨੇ ਤਾਂ ਸਿਰਫ਼ 1.9 ਕਰੋੜ ਹੀ ਖਰਚ ਕੀਤੇ ਸਨ । ਜਦਕਿ ਭਾਰਤ ਨੇ 2023 ਵਿੱਚ ਮੇਜ਼ਬਾਨੀ ਕਰਨ ਵੇਲੇ 4100 ਕਰੋੜ ਰੁਪਏ ਖਰਚ ਕਰ ਦਿੱਤੇ ਹਨ । ਇਹ ਜਾਣਕਾਰੀ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਆਪ ਦਿੱਤੀ ਹੈ ।
ਹਾਲਾਂਕਿ 2023-2024 ਦੇ ਬਜਟ ਵਿੱਚ G20 ਦੇ ਲਈ 990 ਕਰੋੜ ਦਾ ਬਜਟ ਤੈਅ ਹੋਇਆ ਸੀ । ਪਰ ਇਸ ਤੋਂ 4 ਗੁਣਾ ਵੱਧ ਖਰਚ ਕੀਤਾ ਗਿਆ ਹੈ । ਭਾਰਤ ਵੱਲੋਂ ਕੀਤੇ ਗਏ ਖਰਚ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਸੀ । ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਮੁਤਾਬਿਕ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ਵਿੱਚ 700 ਕਰੋੜ ਨਵੀਆਂ ਸੜਕਾਂ ਦੇ ਨਾਲ ਪੁਰਾਣੀ ਸੜਕਾਂ ਦੀ ਰਿਪੇਅਰ ਅਤੇ ਸੁੰਦਰੀਕਰਨ ‘ਤੇ ਖਰਚ ਕੀਤੇ ਹਨ । ਇਹ ਪੂਰਾ ਫੰਡ PWD ਅਤੇ MCD ਦੇ ਜ਼ਰੀਏ ਖਰਚ ਕੀਤਾ ਗਿਆ ਹੈ। ਇਸ ਤੋ ਇਲਾਵਾ 60 ਕਰੋੜ ਰੁਪਏ NDMC ਯਾਨੀ ਨਿਉ ਦਿੱਲੀ ਨਗਰ ਨਿਗਮ ਨੂੰ ਦਿੱਤੇ ਗਏ,18 ਕਰੋੜ DDA ਅਤੇ 45 ਕਰੋੜ PWD ਨੂੰ ਵੱਖ ਤੋਂ ਦਿੱਤੇ ਗਏ। ਇਸ ਤੋਂ ਇਲਾਵਾ G20 ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਨੂੰ ਲੈਕੇ ਦਿੱਲੀ ਪੁਲਿਸ ਨੂੰ 340 ਕਰੋੜ ਦਿੱਤੇ ਗਏ ਸਨ । ਜਦਕਿ G20 ਸੰਮੇਲਨ ਦਾ ਪ੍ਰਬੰਧ ਕਰਨ ਲਈ ਇੰਡੀਅਨ ਟ੍ਰੇਡ ਪ੍ਰੋਮੋਸ਼ਨ ਆਰਗੇਨਾਇਜੇਸ਼ਨ ਨੂੰ 3600 ਕਰੋੜ ਰੁਪਏ ਦਿੱਤੇ ਗਏ । G20 ਵਿੱਚ ਖਰਚ 4100 ਕਰੋੜ ਰੁਪਿਆਂ ਸੂਬਿਆਂ ਵਿੱਚ ਵੀ ਵੰਡਿਆ ਗਿਆ ਜਿੰਨਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਲੈਕੇ ਸੰਮੇਲਨ ਕਰਵਾਏ ਗਏ ਸਨ । ਹੁਣ ਸਵਾਲ ਇਹ ਉੱਠ ਦਾ ਹੈ ਚੀਨ ਵਰਗੇ ਮੁਲਕ ਨੇ 2016 ਵਿੱਚ G20 ਦੀ ਮੇਜ਼ਬਾਨੀ ਕਰਨ ਵੇਲੇ ਸਿਰਫ 1.9 ਕਰੋੜ ਖਰਚ ਕੀਤੇ ਸਨ ਜਦਕਿ ਭਾਰਤ ਨੇ 4100 ਕਰੋੜ ਖਰਚ ਕਿਵੇਂ ਕਰ ਦਿੱਤੇ । ਆਖਿਰ ਇਸ ਪਿੱਛੇ ਕਾਰਨ ਕੀ ਸੀ । ਪਹਿਲਾਂ ਸਭ ਤੋਂ ਕਾਰਨ ਸੀ G20 ਤੋਂ ਚੀਨ ਨੂੰ ਜ਼ਿਆਦਾ ਉਮੀਦਾਂ ਨਹੀਂ ਹਨ,ਰੂਸ ਨੂੰ ਛੱਡ ਕੇ ਭਾਰਤ ਸਮੇਤ ਜ਼ਿਆਦਾਤਰ ਪੱਛਮੀ ਮੁਲਕ ਹਨ ਜਿੰਨਾਂ ਦੇ ਨਾਲ ਉਸ ਦਾ ਟਕਰਾਅ ਰਹਿੰਦਾ ਹੈ । ਭਾਰਤ ਲਈ G20 ਉਮੀਦਾਂ ਦਾ ਸਮੁੰਦਰ ਸੀ ਜਿਸ ਤੋਂ ਉਹ ਬਹੁਤ ਕੁਝ ਹਾਸਲ ਕਰ ਸਕਦਾ ਸੀ ਅਤੇ ਹਾਸਲ ਕੀਤਾ ਵੀ । ਹਾਲਾਂਕਿ ਇਸ ਨੂੰ ਲੈਕੇ 2 ਪੱਖ ਹਨ,ਇੱਕ ਦਾ ਕਹਿਣਾ ਹੈ ਆਮ ਜਨਤਾ ਨੂੰ ਕੁਝ ਨਹੀਂ ਮਿਲਿਆ ਜਦਕਿ ਦੂਜੇ ਪੱਖ ਦਾ ਕਹਿਣਾ ਹੈ ਕਿ ਗਲੋਬਲ ਦੁਨੀਆ ਵਿੱਚ ਭਾਰਤ ਦਾ ਕੱਦ ਵਧਿਆਂ ਹੈ ਇਸ ਦਾ ਅਸਰ ਆਉਣ ਵਾਲੇ ਵਾਲੇ ਸਾਲਾਂ ਵਿੱਚ ਆਮ ਜਨਤਾ ‘ਤੇ ਵੀ ਪੈਣਾ ਸ਼ੁਰੂ ਹੋਵੇਗਾ । ਇਹ ਕਹਿਣਾ ਕਿ ਇੱਕ ਦਮ ਭਾਰਤ ਵਿੱਚ ਇਸ ਦਾ ਅਸਰ ਪਏਗਾ ਕੋਈ ਕਰਾਂਤੀ ਆਵੇਗੀ ਇਹ ਕਹਿਣਾ ਗਲਤ ਹੋਵੇਗਾ । ਪਰ ਅਸੀਂ G20 ਦੇ 4 ਨਤੀਜਿਆਂ ਨਾਲ ਇਸ ਦੀ ਸਫਲਤਾ ਦਾ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ
1 . ਪੱਛਮੀ ਮੁਲਕਾ ਨੇ ਦੱਖਣੀ ਦੁਨੀਆ ਦੀ ਤਾਕਤ ਨੂੰ ਮੰਨਿਆ
G20 ਦੇ ਸ਼ੁਰੂਆਤੀ ਦੌਰ ਵਿੱਚ ਸਿਰਫ਼ ਪੱਛਮੀ ਮੁਲਕਾਂ ਦੀ ਚੱਲਦੀ ਸੀ । ਉਨ੍ਹਾਂ ਵੱਲੋਂ ਏਜੰਡਾ ਤਿਆਰ ਹੁੰਦਾ ਸੀ ਉਸੇ ‘ਤੇ ਗੱਲਬਾਤ ਹੁੰਦੀ ਸੀ ਫੈਸਲਾ ਵੀ ਉਨ੍ਹਾਂ ਦੇ ਮੁਤਾਬਿਕ ਹੀ ਹੁੰਦਾ ਸੀ । ਪਰ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਦੱਖਣੀ ਦੇਸ਼ਾਂ ਦਾ ਰੁਤਬਾ ਵਧਿਆ ਹੈ । ਪੂਰੀ ਦੁਨੀਆ ਨੇ G20 ਸੰਮੇਲਨ ਵਿੱਚ ਇਸ ਨੂੰ ਮੰਨਿਆ ਹੈ । ਦੱਖਣੀ ਦੇਸ਼ਾਂ ਵਿੱਚ ਭਾਰਤ ਸਭ ਤੋਂ ਤਾਕਤਵਰ ਮੁਲਕ ਹੈ ਯਾਨੀ ਕਿ ਸੰਮੇਲਨ ਵਿੱਚ ਇਹ ਵੀ ਸਾਬਿਤ ਹੋ ਗਿਆ ਹੈ ਕਿ ਗਲੋਬਲ ਦੱਖਣੀ ਦੇਸ਼ਾਂ ਵਿੱਚ ਭਾਰਤ ਲੀਡਰ ਹੈ ਅਤੇ ਜੇਕਰ ਦੱਖਣੀ ਦੇਸ਼ਾਂ ਨੂੰ ਕੋਈ ਵੀ ਪਰੇਸ਼ਾਨੀ ਆਵੇਗਾ ਤਾਂ ਉਹ ਭਾਰਤ ਵੱਲ ਵੇਖਣਗੇ ਅਤੇ ਭਾਰਤ G20 ਵਿੱਚ ਇਸ ਨੂੰ ਮਜ਼ਬੂਤੀ ਦੇ ਨਾਲ ਰੱਖੇਗਾ ।
2. ਵਿਚੋਲੀਏ ਦੀ ਹੈਸੀਅਤ ਮਿਲੀ
ਜਦੋਂ ਤੋਂ ਰੂਸ ਅਤੇ ਯੂਕ੍ਰੇਨ ਦੀ ਜੰਗ ਹੋਈ ਭਾਰਤ ਨੇ ਕਿਸੇ ਇੱਕ ਦਾ ਪੱਖ ਵੀ ਨਹੀਂ ਲਿਆ ਹੈ ਸਿਰਫ ਵਿਚੋਲੀਏ ਦੀ ਹੈਸੀਅਤ ਬਣਾਈ ਰੱਖੀ । ਇਸ ‘ਤੇ ਕਈ ਗੰਭੀਰ ਸਵਾਲ ਵੀ ਉੱਠੇ । ਕਿਸੇ ਵੀ ਵੱਡੇ ਮੰਚ ‘ਤੇ ਅਜਿਹਾ ਮੌਕਾ ਨਹੀਂ ਆਇਆ ਜਦੋਂ ਭਾਰਤ ਆਪਣੇ ਰੁੱਖ ਨੂੰ ਸਾਬਿਤ ਕਰ ਸਕੇ । ਪਰ G20 ਵਿੱਚ ਜਿੱਥੇ ਇੱਕ ਪਾਸੇ ਅਮਰੀਕਾ ਅਤੇ ਯੂਰੋਪੀਅਨ ਦੇਸ਼ ਸਨ ਤਾਂ ਦੂਜੇ ਪਾਸੇ ਚੀਨ ਅਤੇ ਰੂਸ । ਉੱਥੇ ਭਾਰਤ ਨੇ ਨਾ ਸਿਰਫ ਸੰਤੁਲਨ ਬਿਠਾਇਆ ਬਲਕਿ ਸੰਮੇਲਨ ਦੀ ਸਮਾਪਤੀ ਵੇਲੇ ਦੋਵੇ ਧੁਰ ਵਿਰੋਧੀ ਗੁੱਟਾਂ ਨੇ ਭਾਰਤ ਦੀ ਤਾਰੀਫ ਵੀ ਕੀਤੀ । ਜਦੋਂ ਜੁਆਇੰਟ ਸਮਝੌਤੇ ਦਾ ਸਮਾਂ ਆਇਆ ਤਾਂ ਅਮਰੀਕਾ ਅਤੇ ਯੂਰੋਪੀਅਨ ਦੇਸ਼ ਯੂਕੇਨ ਦਾ ਮੁੱਦਾ ਚੁੱਕਣਾ ਚਾਉਂਦੇ ਸਨ ਪਰ ਰੂਸ ਅਤੇ ਚੀਨ ਇਸ ਲਈ ਤਿਆਰ ਨਹੀਂ ਸੀ । ਰੂਸ ਨਾਲ ਭਾਰਤ ਦੇ ਚੰਗੇ ਰਿਸ਼ਤੇ ਹਨ ਇਸ ਦੇ ਬਾਵਜੂਦ ਕਿ ਚੀਨ ਰੂਸ ਦੀ ਹਮਾਇਤ ਕਰਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵਿੱਚ ਦਾ ਰਸਤਾ ਲਿਆ ਉਨ੍ਹਾਂ ਨੇ G20 ਦੇ ਸਾਬਕਾ ਮੇਜ਼ਬਾਨ ਇੰਡੋਨੇਸ਼ੀਆਂ ਅਤੇ ਅਗਲੇ ਸਾਲ ਮੇਜ਼ਬਾਨ ਕਰਨ ਵਾਲੇ ਮੁਲਕ ਬ੍ਰਾਜ਼ੀਲ ਦੀ ਮਦਦ ਲਈ ਅਤੇ ਦੋਵਾਂ ਨੂੰ ਕੰਮ ‘ਤੇ ਲਾ ਦਿੱਤਾ,ਇੰਡੋਨੇਸ਼ੀਆ ਨੇ ਅਮਰੀਕਾ ਅਤੇ ਯੂਰੋਪੀ ਮੁਲਕਾਂ ਨੂੰ ਰਾਜ਼ੀ ਕੀਤਾ ਤਾਂ ਬ੍ਰਾਜ਼ੀਲ ਨੇ ਰੂਸ ਅਤੇ ਚੀਨ ਨੂੰ । ਭਾਰਤ ਨੇ ਕਿਹਾ G20 ਮੰਚ ਸਹਿਯੋਗ ਨਾਲ ਅੱਗੇ ਕਿਵੇਂ ਵਧਿਆ ਜਾਵੇ ਉਸ ਲਈ ਹੈ ਨਾ ਕੀ ਜੰਗ ਦੇ ਨਤੀਜਿਆਂ ‘ਤੇ ਵਿਚਾਰ ਕਰਨ ਦਾ ਪਲੇਟਫਾਰਮ । ਜਿਸ ‘ਤੇ ਸਾਰੇ ਮੁਲਕ ਰਾਜ਼ੀ ਹੋਏ ਅਤੇ ਕਾਮਨ ਡੈਕਲਰੇਸ਼ਨ ‘ਤੇ ਹਸਤਾਖਰ ਕੀਤੇ,ਜੇਕਰ ਇਹ ਸਿਰੇ ਨਾ ਚੜਦਾ ਤਾਂ ਭਾਰਤ ਦਾ G20 ਸੰਮੇਲਨ ਜ਼ੀਰੋ ਹੋ ਜਾਣਾ ਸੀ ।
3. ਮੋਲ ਭਾਵ ਦੀ ਤਾਕਤ ਵੱਧੀ
G20 ਸੰਮੇਲਨ ਦੇ ਬਾਅਦ ਭਾਰਤ ਦੀ ਦੁਨੀਆ ਵਿੱਚ ਮੋਲਭਾਵ ਦੀ ਤਾਕਤ ਵੱਧੀ ਹੈ । ਭਾਰਤ ਅਜਿਹਾ ਦੇਸ਼ ਹੈ ਜੋ G20 ਦਾ ਮੈਂਬਰ ਹੋਣ ਦੇ ਨਾਲ BRICS ਦਾ ਵੀ ਹਿੱਸਾ ਹੈ ।ਇਸ ਤੋਂ ਇਲਾਵਾ ਭਾਰਤ ਕਈ ਹੋਰ ਮੰਚਾਂ ਦਾ ਮੈਂਬਰ ਹੈ । ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਅਜਿਹੇ ਕਈ ਦੇਸ਼ ਹਨ ਜੋ ਇੱਕ ਦੂਜੇ ਦੇ ਵਿਰੋਧ ਵਿੱਚ ਹਨ । ਇਨ੍ਹਾਂ ਸਾਰੇ ਗਰੁੱਪ ਵਿੱਚ ਭਾਰਤ ਅਜਿਹਾ ਦੇਸ਼ ਹੈ ਜਿਸ ਦੇ ਦੋਸਤ ਜ਼ਿਆਦਾ ਹਨ ਦੁਸ਼ਮਣ ਘੱਟ ਅਜਿਹੇ ਵਿੱਚ ਤੋਲ-ਮੋਲ ਦੀ ਤਾਕਤ ਵੱਧ ਗਈ ਹੈ । ਵੱਡੀ ਗਲੋਬਲ ਡੀਲ ਵਿੱਚ ਭਾਰਤ ਹੁਣ ਆਪਣੀਆਂ ਸ਼ਰਤਾਂ ਅਸਾਨੀ ਦੇ ਨਾਲ ਮੰਨਵਾ ਸਕਦਾ ਹੈ । ਜਿਵੇ ਰੂਸ ਅਤੇ ਯੂਕ੍ਰੇਨ ਜੰਗ ਦੌਰਾਨ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦਿਆ ਜਦਕਿ ਅਮਰੀਕਾ ਸਮੇਤ ਯੂਰੋਪੀਅਨ ਦੇਸ਼ਾਂ ਨੇ ਬੈਨ ਲੱਗਾ ਦਿੱਤਾ ਸੀ
4. ਚੀਨ ਅਤੇ ਸਾਉਦੀ ਦਾ ਬਦਲ ਬਣਿਆ
G20 ਦੇ ਜ਼ਰੀਏ ਭਾਰਤ ਨੇ ਇੱਕ ਤੀਰ ਨਾਲ 2 ਸ਼ਿਕਾਰ ਕੀਤੇ । ਚੀਨ ਆਪਣੇ ਆਪ ਨੂੰ ਬੁਨਿਆਦੇ ਢਾਂਚੇ ਦੇ ਰੂਪ ਵਿੱਚ ਗਲੋਬਲ ਲੀਡਰ ਮੰਨ ਦਾ ਹੈ ਇਸੇ ਲਈ ਉਹ ਆਪਣੀ ਵਿਸਤਾਰਵਾਦੀ ਯਾਨੀ ਦੂਜੇ ਦੇਸ਼ਾਂ ‘ਤੇ ਕਬਜ਼ਾ ਕਰਨ ਦੀ ਰਣਨੀਤੀ ਵਿੱਚ ਵਰਤਦਾ ਹੈ। ਜਿਵੇ ਸ਼੍ਰੀਲੰਕਾ ਨੂੰ ਪੈਸਾ ਦੇਕੇ ਉਸ ਦੇ ਬੰਦਰਗਾਹਾਂ ‘ਤੇ ਕਬਜ਼ਾ ਕਰਨਾ,ਨੇਪਾਲ,ਭੂਟਾਨ ਅਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀ ਸਰਹੱਦਾਂ ਦੀ ਵਰਤੋਂ ਕਰਦਾ ਹੈ। ਪਰ ਚੀਨ ਨੂੰ ਚਕਮਾ ਦੇਕੇ BRI ਦੀ ਤਰਜ਼ ‘ਤੇ ਭਾਰਤ ਨੇ ਪੈਰਲਰ ਭਾਰਤ – ਮਡਲ ਈਸਟ ਯੂਰੋਪ ਇਕੋਨਾਮਿਕ ਕੌਰੀਡੋਰ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ । ਉਧਰ ਦੂਜੇ ਪਾਸੇ ਮਿਡਲ ਈਸਟ ਵਿੱਚ OPEC ਦੇਸ਼ਾਂ ਦਾ ਤੇਲ ‘ਤੇ ਦਬਦਬਾ ਤੋੜਨ ਦੇ ਲ਼ਈ ਬਾਓ ਫਿਉਲ ਐਲਾਇੰਸ ਦਾ ਐਲਾਨ ਕਰਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਸੁਨੇਹਾ ਦਿੱਤਾ ਹੈ । ਭਾਰਤ ਦੋਵੇ ਮੋਰਚਿਆਂ ਵਿੱਚ ਆਪਣੇ ਹਿਸਾਬ ਨਾਲ ਦਿਸ਼ਾ ਦੇ ਰਿਹਾ ਹੈ ।
G20 ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਕਿ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾ ਦੀ ਆਵਾਜ਼ ਬਣ ਕੇ ਭਾਰਤ ਉਭਰਿਆ ਹੈ । ਸਾਉਥ ਅਫਰੀਕਾ,ਬ੍ਰਾਜ਼ੀਲ,ਇੰਡੋਨੇਸ਼ੀਆ ਵਰਗੇ ਦੇਸ਼ ਵਿਕਸਿਤ ਦੇਸ਼ਾਂ ਦੇ ਸਾਹਮਣੇ ਨਾ ਸਿਰਫ ਮਜ਼ਬੂਤ ਬਣਕੇ ਉਭਰੇ ਬਲਕਿ ਸੰਦੇਸ਼ ਦੇਣ ਵਿੱਚ ਵੀ ਸਫਲ ਰਹੇ ਹੁਣ ਕੋਈ ਵੀ ਏਜੰਡਾ ਇੱਕ ਤਰਫਾ ਨਹੀਂ ਤੈਅ ਕੀਤਾ ਜਾ ਸਕਦਾ ਹੈ ।
ਕੁੱਲ ਮਿਲਾਕੇ ਆਮ ਜਨਤਾ ‘ਤੇ ਸਿੱਧਾ G20 ਦਾ ਕੀ ਅਸਰ ਪਏਗਾ ਇਹ ਕਹਿਣਾ ਮੁਸ਼ਕਿਲਾ ਹੈ। ਪਰ ਭਾਰਤ ਦਾ ਗੋਲਬਰ ਵਪਾਰ ਵਿੱਚ ਰੁਤਬਾ,ਦੁਨੀਆ ਨੂੰ ਕੂਟਨੀਤਿਕ ਤਾਕਤ ਵਿਖਾਉਣ ਦਾ ਅਸਰ ਆਉਣ ਵਾਲੇ ਸਾਲਾਂ ਵਿੱਚ ਨਜ਼ਰ ਜ਼ਰੂਰ ਆਵੇਗਾ, ਉਹ ਨਿਵੇਸ਼ ਦੇ ਰੂਪ ਵਿੱਚ ਵੀ ਹੋ ਸਕਦਾ ਹੈ,ਰੁਜ਼ਗਾਰ ਦੇ ਨਜ਼ਰੀਏ ਨਾਲ ਹੋ ਸਕਦਾ ਹੈ,ਵਾਤਾਵਰਣ ਵਿੱਚ ਸੁਧਾਰ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ। ਦੁਨੀਆ ਵਿੱਚ ਭਾਰਤ ਦੀ ਫੈਸਲੇ ਲੈਣ ਦੀ ਤਾਕਤ ਅਤੇ ਫੈਸਲੇ ਕਰਨ ਦੀ ਤਾਕਤ ਨੂੰ ਵੀ G20 ਦੀ ਸਫਲਤਾਂ ਦੀ ਨਜ਼ਰ ਨਾਲ ਵੇਖਿਆ ਜਾ ਸਕਦਾ ਹੈ ।