‘ਦ ਖ਼ਾਲਸ ਬਿਊਰੋ:- ਭਾਰਤ ਵੱਲੋਂ ਚੀਨ ਦੇ 47 ਹੋਰ ਐਪਸ ‘ਤੇ ਪਾਬੰਦੀ ਲਗਾਉਣ ‘ਤੇ ਚੀਨ ਨੇ ਭਾਰਤ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਭਾਰਤ ਨੂੰ ਇਸ ਗਲਤੀ ਨੂੰ ਸੁਧਾਰਨ ਲਈ ਕਿਹਾ ਹੈ। ਚੀਨ ਨੇ ਕਿਹਾ ਕਿ ਭਾਰਤ ਨੇ ਚੀਨੀ ਐਪਸ ਨੂੰ ਜਾਣ ਬੁੱਝ ਕੇ ਬੈਨ ਕੀਤਾ ਹੈ। ਚੀਨ ਨੇ ਕਿਹਾ ਕਿ ਚੀਨ ਆਪਣੇ ਕਾਰੋਬਾਰਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਉਠਾਏਗਾ। ਭਾਰਤ ਨੇ ਹਾਲ ਹੀ ਵਿੱਚ ਚੀਨ ਦੇ 47 ਹੋਰ ਐਪਸ ‘ਤੇ ਪਾਬੰਦੀ ਲਗਾਈ ਹੈ ਜੋ ਟਿਕਟਾਕ ਸਮੇਤ 59 ਚੀਨੀ ਐਪਸ ਦੇ ਕਲੋਨ ਵਜੋਂ ਸਨ। ਭਾਰਤ ਨੇ ਦੋਸ਼ ਲਾਇਆ ਸੀ ਕਿ ਇਹ ਐਪਸ ਕਥਿਤ ਤੌਰ ‘ਤੇ ਭਾਰਤ ਦੇ ਰਾਸ਼ਟਰੀ ਹਿੱਤ ਲਈ ਨੁਕਸਾਨਦੇਹ ਗਤੀਵਿਧੀਆਂ ਵਿੱਚ ਸ਼ਾਮਲ ਸਨ। ਭਾਰਤ ਸਰਕਾਰ ਵੱਲੋਂ ਕੁੱਲ 250 ਚੀਨੀ ਐਪਸ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਕਿਹਾ ਹੈ ਕਿ WeChat ਐਪ ‘ਤੇ ਪਾਬੰਦੀ ਦਾ ਮਾਮਲਾ ਭਾਰਤੀ ਪੱਖ ਦੇ ਸਾਹਮਣੇ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਨਾਲ ਸਬੰਧਤ ਰਿਪੋਰਟਾਂ ਨੂੰ ਧਿਆਨ ਵਿੱਚ ਰੱਖਿਆ ਹੈ।
29 ਜੂਨ ਨੂੰ ਭਾਰਤ ਸਰਕਾਰ ਨੇ ਚੀਨ ਨਾਲ ਜੁੜੇ WeChat ਐਪ ਸਮੇਤ 59 ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਸੀ। ਇਸ ਨਾਲ ਚੀਨੀ ਕੰਪਨੀਆਂ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਿਆ ਹੈ। ਚੀਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਭਾਰਤੀ ਪੱਖ ਦੇ ਸਾਹਮਣੇ ਚੁੱਕਿਆ ਹੈ ਅਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਕਿਹਾ ਹੈ।