‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਮਿਆਂਮਾਰ ਤੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਆਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ। ਜ਼ੋਰਮਥਾਂਗਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਮਿਆਂਮਾਰ ਵਿੱਚ ਮਨੁੱਖੀ ਦੁਖਾਂਤ ਵਾਪਰ ਰਿਹਾ ਹੈ। ਮਿਆਂਮਾਰ ਵਿੱਚ ਫ਼ੌਜ ਨੇ ਫਰਵਰੀ ਮਹੀਨੇ ਵਿੱਚ ਲੋਕਤੰਤਰੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਹੈ। ਉਦੋਂ ਤੋਂ ਲੈ ਕੇ ਉੱਥੇ ਸੈਨਿਕ ਸ਼ਾਸਨ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਜਾਣਕਾਰੀ ਮੁਤਾਬਕ ਮਿਆਂਮਾਰ ਦੇ ਪੁਲਿਸ ਅਧਿਕਾਰੀਆਂ ਸਮੇਤ ਬਹੁਤ ਸਾਰੇ ਲੋਕਾਂ ਨੇ ਮਿਜ਼ੋਰਮ ਪਹੁੰਚ ਕੇ ਸ਼ਰਨ ਮੰਗੀ ਹੈ। ਭਾਰਤ ਦੀ ਕੇਂਦਰ ਸਰਕਾਰ ਨੇ ਸਰਹੱਦੀ ਸੂਬਿਆਂ ਅਤੇ ਕੇਂਦਰੀ ਬਲਾਂ ਨੂੰ ਸਰਹੱਦ ‘ਤੇ ਪ੍ਰਵਾਸੀਆਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਭੇਜਣ ਲਈ ਕਿਹਾ ਹੈ।