India Lok Sabha Election 2024

ਭਾਰਤ ਨੇ ਲੋਕ ਸਭਾ ਚੋਣਾਂ 2024 ’ਚ ਬਣਾਇਆ ਵਿਸ਼ਵ ਰਿਕਾਰਡ!

ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਨਤੀਜਿਆਂ ਤੋਂ 1 ਦਿਨ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਰਤ ਨੇ 64.2 ਕਰੋੜ ਲੋਕਾਂ ਦੀ ਵੋਟ ਦੇ ਨਾਲ ਵਿਸ਼ਵ ਰਿਕਾਰਡ ਬਣਾ ਲਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਭਾਰਤ ਨੇ ਇਸ ਸਾਲ ਲੋਕ ਸਭਾ ਚੋਣਾਂ ਵਿੱਚ 31.2 ਕਰੋੜ ਔਰਤਾਂ ਸਮੇਤ 64.2 ਕਰੋੜ ਵੋਟਰਾਂ ਨੇ ਹਿੱਸਾ ਲੈ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ।

ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 68,000 ਤੋਂ ਵੱਧ ਨਿਗਰਾਨੀ ਟੀਮਾਂ, 1.5 ਕਰੋੜ ਪੋਲਿੰਗ ਤੇ ਸੁਰੱਖਿਆ ਕਰਮਚਾਰੀ ਦੁਨੀਆ ਦੇ ਸਭ ਤੋਂ ਵੱਡੇ ਚੋਣ ਅਭਿਆਨ ਵਿੱਚ ਸ਼ਾਮਲ ਹੋਏ ਹਨ। ਮੁੱਖ ਚੋਣ ਕਮਿਸ਼ਨਰ ਕਿਹਾ, “ਭਾਰਤ ਨੇ ਇਸ ਸਾਲ ਲੋਕ ਸਭਾ ਚੋਣਾਂ ਵਿੱਚ 31.2 ਕਰੋੜ ਔਰਤਾਂ ਸਮੇਤ 64.2 ਕਰੋੜ ਵੋਟਰਾਂ ਨੇ ਹਿੱਸਾ ਲੈ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ।”

ਸੋਸ਼ਲ ਮੀਡੀਆ ’ਤੇ ਚੋਣ ਕਮਿਸ਼ਨਰਾਂ ਨੂੰ ‘ਲਾਪਤਾ ਜੈਂਟਲਮਿਨ’ ਕਹਿ ਕੇ ਟ੍ਰੋਲਿੰਗ ਕਰਨ ਬਾਰੇ ਉਨ੍ਹਾਂ ਕਿਹਾ, “ਅਸੀਂ ਹਮੇਸ਼ਾ ਇੱਥੇ ਸੀ, ਕਦੇ ਗੁੰਮ ਨਹੀਂ ਹੋਏ।”

ਕੁਮਾਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਕਰੀਬ ਚਾਰ ਲੱਖ ਵਾਹਨ, 135 ਵਿਸ਼ੇਸ਼ ਰੇਲ ਗੱਡੀਆਂ ਅਤੇ 1,692 ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 2024 ਦੀਆਂ ਆਮ ਚੋਣਾਂ ਵਿੱਚ ਸਿਰਫ਼ 39 ਰੀਪੋਲਾਂ ਹੋਈਆਂ ਸਨ ਜਦੋਂ ਕਿ 2019 ਵਿੱਚ 540 ਰੀਪੋਲ ਹੋਈਆਂ ਸਨ।

ਉਨ੍ਹਾਂ ਅੱਗੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਚਾਰ ਦਹਾਕਿਆਂ ਵਿੱਚ ਸਭ ਤੋਂ ਵੱਧ 58.58 ਪ੍ਰਤੀਸ਼ਤ ਵੋਟ ਫ਼ੀਸਦ ਤੇ ਘਾਟੀ ਵਿੱਚ 51.05 ਪ੍ਰਤੀਸ਼ਤ ਵੋਟ ਫੀਸਦ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ 2024 ਦੀਆਂ ਚੋਣਾਂ ਦੌਰਾਨ 10,000 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਨਕਦੀ, ਮੁਫ਼ਤ ਦਵਾਈਆਂ, ਨਸ਼ੇ ਅਤੇ ਸ਼ਰਾਬ ਸ਼ਾਮਲ ਸਨ, ਜਦੋਂ ਕਿ 2019 ਵਿੱਚ ਇਹ ਅੰਕੜਾ 3,500 ਕਰੋੜ ਰੁਪਏ ਸੀ।

ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਨਾਲ ਸਬੰਧਿਤ ਇਹ ਖ਼ਬਰ ਵੀ ਪੜ੍ਹੋ – ਕਾਂਗਰਸ ਲੀਡਰ ਜੈਰਾਮ ਰਮੇਸ਼ ਨੂੰ ਚੋਣ ਕਮਿਸ਼ਨ ਦਾ ਜਵਾਬ- “ਸ਼ੱਕ ਦਾ ਕੋਈ ਇਲਾਜ ਨਹੀਂ”