ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ 21 ਸਤੰਬਰ ਤੋਂ ਕੈਨੇਡਾ ਦੇ ਵੀਜ਼ਾ ‘ਤੇ ਰੋਕ ਲੱਗਾ ਦਿੱਤੀ ਸੀ ਜਿਸ ਨੂੰ ਹੁਣ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ । ਓਟਵਾ ਦੇ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਕੁਝ ਕੈਟਾਗਰੀਜ਼ ਲਈ ਵੀਜ਼ਾਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ । ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਦੇ ਕੌਸਲੇਟ ਆਫਿਸ ਸਮੇਤ ਸਾਰੀਆਂ ਥਾਵਾਂ ‘ਤੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ।
ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ 26 ਅਕਤੂਬਰ 2023 ਤੋਂ ਕੁਝ ਵੀਜ਼ਾਂ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਭਾਰਤ ਵੱਲੋਂ ਕੈਨੇਡਾ ਦੇ ਨਾਗਰਿਕਾਂ ਦੇ ਲਈ ਜਿਹੜੀ ਵੀਜ਼ਾ ਸੇਵਾ ਸ਼ੁਰੂ ਕੀਤੀ ਹੈ ਉਸ ਵਿੱਚ ਐਂਟਰੀ ਵੀਜ਼ਾ, ਬਿਜਨੈਸ ਵੀਜ਼ਾ,ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ ਹੈ । ਕੌਸਲੇਟ ਨੇ ਕਿਹਾ ਹੈ ਐਮਰਜੈਂਸੀ ਸੇਵਾਵਾਂ ਉੱਤੇ ਪਹਿਲਾਂ ਵਾਂਗ ਕੰਮ ਜਾਰੀ ਰਹੇਗਾ ।
ਐਤਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਦੇ ਸੰਕੇਤ ਦਿੱਤੇ ਸਨ ਕਿ ਭਾਰਤ ਸਰਕਾਰ ਜਲਦ ਹੀ ਵੀਜ਼ਾ ਸੇਵਾਵਾਂ ਸ਼ੁਰੂ ਕਰੇਗੀ । 3 ਦਿਨ ਬਾਅਦ ਭਾਰਤ ਨੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ । ਪੰਜਾਬ ਦੇ ਕਈ ਐੱਮਪੀਜ਼ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਵੀਜ਼ਾ ਸੇਵਾਵਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ।
ਭਾਰਤ ਵੱਲੋਂ ਵੀਜ਼ਾ ਸੇਵਾਵਾਂ ਬੰਦ ਕਰਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬੀ ਸਨ । ਕੈਨੇਡਾ ਦੇ ਨਾਗਰਿਕ ਬਣ ਚੁੱਕੇ ਕਈ ਪੰਜਾਬੀਆਂ ਨੂੰ ਵਿਆਹ ਅਤੇ ਹੋਰ ਜ਼ਰੂਰੀ ਕੰਮਾਂ ਦੇ ਲਈ ਭਾਰਤ ਆਉਣਾ ਸੀ ਪਰ ਉਨ੍ਹਾਂ ਵੀਜ਼ਾ ਨਹੀਂ ਮਿਲ ਰਿਹਾ ਸੀ ।
ਭਾਰਤ ਦੇ ਵਿਦੇਸ਼ ਮੰਤਰੀ ਨੇ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ਾ ਬੰਦ ਕਰਨ ਸਮੇਂ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਫੀਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਜਿਸ ਦੀ ਵਜ੍ਹਾ ਕਰਕੇ ਕੰਮ-ਕਾਜ ਕਾਫੀ ਪ੍ਰਭਾਵਿਤ ਹੋ ਰਿਹਾ ਸੀ । ਇਸੇ ਲਈ ਉਨ੍ਹਾਂ ਨੇ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਹਨ । ਜਿਵੇਂ ਹੀ ਅਫਸਰਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇਗਾ ਵੀਜ਼ਾ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ । ਉਧਰ ਕੈਨੇਡਾ ਦੀ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦੇ ਫੈਸਲੇ ਤੋਂ ਬਾਅਦ ਆਪਣੇ ਵੱਲੋਂ ਅਜਿਹਾ ਕੋਈ ਵੀ ਫੈਸਲਾ ਨਾ ਲੈਣ ਦਾ ਦਾਅਵਾ ਕੀਤਾ ਸੀ ।
20 ਅਕਤੂਬਰ ਨੂੰ ਕੈਨੇਡਾ ਦੇ 41 ਡਿਪਲੋਮੈਟ ਨੇ ਭਾਰਤ ਛੱਡ ਦਿੱਤਾ ਸੀ । ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਦੇ ਕੈਨੇਡਾ ਵਿੱਚ 21 ਡਿਬਲੋਮੈਟ ਹਨ ਜਦਕਿ ਕੈਨੇਡਾ ਦੇ 60 ਤੋਂ ਵੱਧ । ਕੈਨੇਡਾ ਦੇ ਸਫੀਰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਨ । ਇਸ ਤੋਂ ਬਾਅਦ ਚੰਡੀਗੜ੍ਹ ਸਮੇਤ ਭਾਰਤ ਵਿੱਚ ਕੈਨੇਡਾ ਦੇ ਕਈ ਵੀਜ਼ਾ ਸੈਂਟਰਾਂ ਨੂੰ ਬੰਦ ਕਰਨਾ ਪਿਆ ਸੀ । ਪੰਜਾਬ ਦੇ ਲੋਕਾਂ ਨੂੰ ਵੀਜ਼ਾ ਹਾਸਲ ਕਰਨ ਦੇ ਲਈ ਦਿੱਲੀ ਜਾਣਾ ਹੋਵੇਗਾ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਸਖਤ ਨਿਖੇਦੀ ਕਰਦੇ ਹੋਏ ਭਾਰਤ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਸੀ। ਸਿਰਫ ਇਨ੍ਹਾਂ ਹੀ ਨਹੀਂ ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਭਾਰਤ ‘ਤੇ ਵਿਅਨਾ ਸਮਝੌਤੇ ਦੀ ਉਲੰਘਨ ਦਾ ਇਲਜ਼ਾਮ ਲਗਾਇਆ ਸੀ ਜਿਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ । ਬ੍ਰਿਟੇਨ ਅਤੇ ਅਮਰੀਕਾ ਨੇ ਭਾਰਤ ਦੇ ਫੈਸਲੇ ਦਾ ਵਿਰੋਧ ਕੀਤਾ ਸੀ।