ਬਿਉਰੋ ਰਿਪੋਰਟ: ਅਮਰੀਕੀ ਕਮਿਸ਼ਨ (US Commission on International Religious Freedom) ਨੇ 2 ਅਕਤੂਬਰ ਨੂੰ ਧਾਰਮਿਕ ਆਜ਼ਾਦੀ ’ਤੇ ਇੱਕ ਰਿਪੋਰਟ ਜਾਰੀ ਕੀਤੀ (USCIRF report on religious freedom) ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਬਾਰੇ ਝੂਠ ਫੈਲਾਇਆ ਗਿਆ ਅਤੇ ਇਸ ਦੇ ਆਧਾਰ ’ਤੇ ਉਨ੍ਹਾਂ ’ਤੇ ਹਮਲੇ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਰਿਪੋਰਟ ਨੂੰ ਭਾਰਤ ਨੇ ਸਿਰਿਓਂ ਨਕਾਰ ਦਿੱਤਾ ਹੈ ਤੇ ਇਸ ’ਤੇ ਆਪਣਾ ਜਵਾਬ ਵੀ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕਮਿਸ਼ਨ ਨੂੰ ਏਜੰਡੇ ’ਤੇ ਆਧਾਰਿਤ ਰਿਪੋਰਟਾਂ ਸਾਂਝੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਉਸ ਨੂੰ ਆਪਣਾ ਸਮਾਂ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਲਈ ਵਰਤਣਾ ਚਾਹੀਦਾ ਹੈ।
ਇਸ ਤੋਂ ਬਾਅਦ ਭਾਰਤ ਨੇ ਬੀਤੇ ਦਿਨ ਵੀਰਵਾਰ ਨੂੰ ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦੀ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਐਸਸੀਆਈਆਰਐਫ, ਧਾਰਮਿਕ ਮਾਮਲਿਆਂ ਬਾਰੇ ਅਮਰੀਕੀ ਕਮਿਸ਼ਨ, ਨਿਰਪੱਖ ਸੰਸਥਾ ਨਹੀਂ ਹੈ। ਇਹ ਭਾਰਤ ਬਾਰੇ ਗਲਤ ਤੱਥ ਪੇਸ਼ ਕਰਕੇ ਸਾਡੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ। ਅਸੀਂ ਉਨ੍ਹਾਂ ਦੀ ਰਿਪੋਰਟ ਨੂੰ ਰੱਦ ਕਰਦੇ ਹਾਂ।
Our response to media queries regarding Country Update on India in the US Commission on International Religious Freedom report:https://t.co/NPNfWd7QE9 pic.twitter.com/8m1xQ97dyK
— Randhir Jaiswal (@MEAIndia) October 3, 2024
ਭਾਰਤ ਨੂੰ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਪਾਉਣ ਦੀ ਮੰਗ
USCIRF ਨੇ ਆਪਣੀ ਰਿਪੋਰਟ ਵਿੱਚ ਅਮਰੀਕੀ ਵਿਦੇਸ਼ ਵਿਭਾਗ ਤੋਂ ਭਾਰਤ ਨੂੰ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਪਾਉਣ ਦੀ ਮੰਗ ਕੀਤੀ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕੀ ਕਮਿਸ਼ਨ ਨੇ ਭਾਰਤ ਵਿਚ ਧਾਰਮਿਕ ਆਜ਼ਾਦੀ ’ਤੇ ਸਵਾਲ ਚੁੱਕੇ ਹਨ। ਇਸ ਤੋਂ ਪਹਿਲਾਂ, ਮਈ ਵਿੱਚ ਇੱਕ ਰਿਪੋਰਟ ’ਤੇ, ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਸੀਂ ਕਦੇ ਵੀ ਇਹ ਉਮੀਦ ਨਹੀਂ ਕਰਦੇ ਕਿ USCIRF ਭਾਰਤ ਦੀ ਵਿਭਿੰਨਤਾ ਅਤੇ ਲੋਕਤੰਤਰੀ ਮੁੱਲਾਂ ਨੂੰ ਸਮਝੇ। ਉਹ ਸਿਰਫ਼ ਭਾਰਤ ਦੀਆਂ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਦੇ ਵੀ ਕਾਮਯਾਬ ਨਹੀਂ ਹੋਵੇਗਾ।
ਮਈ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੀ ਮੁਸਲਮਾਨਾਂ ਦੀ ਭਲਾਈ ’ਤੇ ਸਵਾਲ ਉਠਾਏ ਗਏ ਸਨ। ਭਾਰਤ ’ਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਕਈ ਰਿਪੋਰਟਾਂ ਅਮਰੀਕੀ ਮੀਡੀਆ ’ਚ ਆਈਆਂ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਚੋਣਾਂ ਮੁਸਲਮਾਨਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਨੂੰ ਆਪਣੇ ਹੀ ਦੇਸ਼ ਵਿੱਚ ਲਾਂਭੇ ਕੀਤਾ ਜਾ ਰਿਹਾ ਹੈ।
ਹਾਲਾਂਕਿ ਬਾਅਦ ’ਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀ ਇਨ੍ਹਾਂ ਰਿਪੋਰਟਾਂ ’ਤੇ ਸਪੱਸ਼ਟੀਕਰਨ ਦਿੱਤਾ ਸੀ। ਮੰਤਰਾਲੇ ਨੇ ਕਿਹਾ ਸੀ ਕਿ ਅਮਰੀਕਾ ਦੁਨੀਆ ਭਰ ਵਿਚ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਲਈ ਹਮੇਸ਼ਾ ਤਿਆਰ ਹੈ। ਇਸ ਦੇ ਲਈ ਸਾਨੂੰ ਭਾਰਤ ਸਮੇਤ ਕਈ ਹੋਰ ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਰਿਪੋਰਟ ਨੂੰ ਵੀ ਰੱਦ ਕਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤ ਵਿਚ ਮੁਸਲਮਾਨਾਂ ’ਤੇ ਜ਼ੁਲਮ ਹੋ ਰਹੇ ਹਨ।