India

ਕਰੋਨਾ ਦੇ ਨਵੇਂ ਸਹਿਮ ਨੇ ਡਰਾਈ ਸਰਕਾਰ, ਭਾਰਤ ਨੇ ਕਰੋਨਾ ਵੈਕਸੀਨ ਵਿਦੇਸ਼ਾਂ ਨੂੰ ਭੇਜਣ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ :- ਭਾਰਤ ਨੇ ਫ਼ਿਲਹਾਲ ਕੁੱਝ ਸਮੇਂ ਲਈ ਆਕਸਫ਼ੋਰਡ-ਐਸਟਰਾਜ਼ੈਨਕਾ ਵੱਲੋਂ ਵਿਕਸਿਤ ਕੀਤੀ ਕਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਦੂਜੇ ਮੁਲਕਾਂ ਵਿੱਚ ਭੇਜਣ ‘ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਵੱਧਦੇ ਕਰੋਨਾ ਮਾਮਲਿਆਂ ਦੇ ਮੱਦੇਨਜ਼ਰ ਆਉਣ ਵਾਲੇ ਹਫ਼ਤਿਆਂ ਵਿੱਚ ਵੈਕਸੀਨ ਦੀ ਘਰੇਲੂ ਮੰਗ ਵਿੱਚ ਵਾਧਾ ਹੋਵੇਗਾ ਅਤੇ ਵੈਕਸੀਨ ਦੀ ਲੋੜ ਪਵੇਗੀ।

ਭਾਰਤ ਨੇ ਹੁਣ ਤੱਕ 76 ਦੇਸ਼ਾਂ ਨੂੰ ਕਰੋਨਾ ਵੈਕਸੀਨ ਦੀਆਂ ਲਗਭਗ ਛੇ ਕਰੋੜ ਖ਼ੁਰਾਕਾਂ ਭੇਜੀਆਂ ਹਨ। ਕੱਲ੍ਹ ਕਰੋਨਾ ਲਾਗ ਦੇ 47 ਹਜ਼ਾਰ ਮਾਮਲੇ ਸਾਹਮਣੇ ਆਏ ਅਤੇ 275 ਜਾਨਾਂ ਗਈਆਂ। ਸਾਲ 2021 ਵਿੱਚ ਇਹ ਪਹਿਲਾ ਦਿਨ ਹੈ ਜਦੋਂ ਲਾਗ ਦੇ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਭਾਰਤ ਨੇ 1 ਅਪ੍ਰੈਲ ਤੋਂ 45 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਟੀਕੇ ਦੀ ਮੰਗ ਵਧਣੀ ਲਾਜ਼ਮੀ ਹੈ।

ਭਾਰਤੀ ਵਿਦੇਸ਼ ਮੰਤਰਾਲਾ ਦੇ ਇੱਕ ਸੂਤਰ ਨੇ ਦੱਸਿਆ ਕਿ ,”ਐਕਸਪੋਰਟ ਉੱਪਰ ਰੋਕ ਸਿਰਫ਼ ਕੁੱਝ ਸਮੇਂ ਲਈ ਲਾਈ ਗਈ ਹੈ ਅਤੇ ਘਰੇਲੂ ਮੰਗ ਨੂੰ ਪਹਿਲ ਦੇਣੀ ਪਵੇਗੀ। ਉਦੋਂ ਤੱਕ ਕੋਈ ਐਕਸਪੋਰਟ ਨਹੀਂ ਹੋਵੇਗਾ, ਜਦੋਂ ਤੱਕ ਭਾਰਤ ਵਿੱਚ ਹਾਲਾਤ ਸਥਿਰ ਨਹੀਂ ਹੋ ਜਾਂਦੇ।”