ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਅਹਿਮ ਮੈਚ ਵਿੱਚ ਭਾਰਤ ਨੂੰ ਕਤਰ ਨੇ 2-1 ਨਾਲ ਹਰਾ ਦਿੱਤਾ। ਇਸ ਹਾਰ ਕਾਰਨ ਭਾਰਤੀ ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਤੋਂ ਬਾਹਰ ਹੋ ਗਈ ਹੈ। ਪਰ ਭਾਰਤ ਦੀ ਹਾਰ ਲਈ ਭਾਰਤ ਨਹੀਂ ਬਲਕਿ ਮੈਚ ਦਾ ਰੈਫਰੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਰਅਸਲ ਮੈਚ ਦੌਰਾਨ ਕਤਰ ਦੇ ਖਿਡਾਰੀਆਂ ਵੱਲੋਂ ਗੋਲ ਕੀਤਾ ਗਿਆ ਜੋ ਕਿ ਪੂਰੀ ਤਰ੍ਹਾਂ ਗ਼ਲਤ ਸੀ। ਪਰ ਰੈਫਰੀ ਨੇ ਗੋਲ ਨੂੰ ਨਿਰਪੱਖ ਕਰਾਰ ਦਿੱਤਾ, ਜਿਸ ਨੇ ਮੈਚ ਵਿੱਚ ਅਹਿਮ ਭੂਮਿਕਾ ਨਿਭਾਈ।
ਦਰਅਸਲ 37ਵੇਂ ਮਿੰਟ ‘ਚ ਭਾਰਤ ਦੇ ਲਾਲਿਆਨਜੁਆਲਾ ਚਾਂਗਟੇ ਦੇ ਗੋਲ ਦੀ ਬਦੌਲਤ ਭਾਰਤ ਮੈਚ ‘ਚ ਬੜ੍ਹਤ ਬਣਾ ਰਿਹਾ ਸੀ ਪਰ ਮੈਚ ਦੇ 73ਵੇਂ ਮਿੰਟ ‘ਚ ਵਿਰੋਧੀ ਟੀਮ ਦੇ ਯੂਸਫ ਅਯਮਨ ਨੇ ਵਿਵਾਦਿਤ ਗੋਲ ਕਰ ਦਿੱਤਾ। ਜਿਸ ਨਾਲ ਮੈਚ ‘ਚ ਹੰਗਾਮਾ ਹੋ ਗਿਆ। ਦਰਅਸਲ, ਯੂਸਫ ਅਯਮਨ ਨੇ ਗੋਲ ਉਦੋਂ ਕੀਤਾ ਜਦੋਂ ਗੇਂਦ ਗੋਲ ਪੋਸਟ ਤੋਂ ਬਾਹਰ ਚਲੀ ਗਈ ਸੀ। ਖਿਡਾਰੀ ਨੇ ਆਪਣੇ ਪੈਰ ਨਾਲ ਗੇਂਦ ਨੂੰ ਵਾਪਸ ਲਿਆ ਅਤੇ ਫਿਰ ਗੋਲ ਕੀਤਾ।
ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੇਂਦ ਖੇਡ ਤੋਂ ਬਾਹਰ ਹੋ ਗਈ ਸੀ ਪਰ ਇਸ ਤੋਂ ਬਾਅਦ ਵੀ ਵਿਰੋਧੀ ਟੀਮ ਦੇ ਖਿਡਾਰੀ ਨੇ ਗੋਲ ਕਰ ਦਿੱਤਾ ਅਤੇ ਰੈਫਰੀ ਨੇ ਗੋਲ ਨੂੰ ਸਹੀ ਕਰਾਰ ਦਿੱਤਾ। ਇਹੀ ਇੱਕ ਗੋਲ ਸੀ ਜਿਸ ਨੇ ਮੈਚ ਨੂੰ ਉਲਟਾ ਦਿੱਤਾ।
ਭਾਰਤੀ ਖਿਡਾਰੀਆਂ ਨੇ ਇਸ ਗੋਲ ਬਾਰੇ ਰੈਫਰੀ ਨਾਲ ਗੱਲ ਕੀਤੀ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਰੈਫਰੀ ਦੇ ਇਸ ਵਿਵਾਦਪੂਰਨ ਫੈਸਲੇ ਨੇ ਖੇਡ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਕਿਉਂਕਿ ਕਤਰ ਨੇ 85ਵੇਂ ਮਿੰਟ ਵਿੱਚ ਅਹਿਮਦ ਅਲ-ਰਾਵੀ ਦੁਆਰਾ ਆਪਣਾ ਦੂਜਾ ਗੋਲ ਕਰਕੇ ਭਾਰਤ ਉੱਤੇ ਬੜ੍ਹਤ ਬਣਾ ਲਈ।
ਇਸ ਹਾਰ ਨਾਲ ਭਾਰਤੀ ਟੀਮ ਦਾ ਫੀਫਾ ਵਿਸ਼ਵ ਕੱਪ 2026 ਖੇਡਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਰੈਫਰੀ ਦੇ ਫੈਸਲੇ ਨੂੰ ਗ਼ਲਤ ਦੱਸ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਰੈਫਰੀ ਨੇ ਜਾਣਬੁੱਝ ਕੇ ਭਾਰਤ ਨੂੰ ਹਰਾਉਣ ਲਈ ਅਜਿਹਾ ਗ਼ਲਤ ਫੈਸਲਾ ਲਿਆ ਹੈ।