ਬਿਊਰੋ ਰਿਪੋਰਟ (14 ਅਕਤੂਬਰ, 2025): ਦਿੱਲੀ ਵਿੱਚ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਖ]ਰਾਬ ਦਰਜ ਕੀਤੀ ਗਈ। ਇਸ ਕਾਰਨ ਇਸ ਮੌਸਮ ਵਿੱਚ ਪਹਿਲੀ ਵਾਰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲੈਨ (GRAP-1) ਦੇ ਤਹਿਤ ਪ੍ਰਦੂਸ਼ਣ ਰੋਕੂ ਉਪਾਅ ਲਾਗੂ ਕੀਤੇ ਗਏ ਹਨ। ਇਸ ਵਿੱਚ ਨਿਰਮਾਣ ਸਾਈਟਾਂ ’ਤੇ ਧੂੜ ਕੰਟਰੋਲ ਕਰਨਾ, ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ ਰੋਕ ਅਤੇ ਸੜਕਾਂ ਦੀ ਨਿਯਮਤ ਸਫਾਈ ਸ਼ਾਮਲ ਹੈ।
ਅੱਜ ਦਿੱਲੀ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ (AQI) 211 ਦਰਜ ਕੀਤਾ ਗਿਆ, ਜੋ ਕਿ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
ਉਧਰ, ਦੇਸ਼ ਵਿੱਚ ਇਸ ਵਾਰ ਸਰਦੀ ਆਮ ਤੋਂ ਕਾਫੀ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਉੱਤਰੀ ਹਿਮਾਲਿਆ ਦਾ 86% ਹਿੱਸਾ ਸਮੇਂ ਤੋਂ ਦੋ ਮਹੀਨੇ ਪਹਿਲਾਂ ਹੀ ਬਰਫ਼ ਨਾਲ ਢੱਕ ਗਿਆ ਹੈ। ਪਿਛਲੇ ਹਫ਼ਤਿਆਂ ਵਿੱਚ ਆਏ ਵੈਸਟਰਨ ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰ ਦਾ ਤਾਪਮਾਨ 2-3°C ਘੱਟ ਹੈ, ਜਿਸ ਨਾਲ ਬਰਫ਼ ਜਲਦੀ ਨਹੀਂ ਪਿਘਲ ਰਹੀ।
ਇਹ ਇੱਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ, ਕਿਉਂਕਿ ਦਸੰਬਰ ਵਿੱਚ ਲਾ ਨੀਨਾ (La Niña) ਸਰਗਰਮ ਹੋਵੇਗਾ। ਇਹ ਉਹ ਮੌਸਮੀ ਘਟਨਾ ਹੈ ਜਿਸ ਵਿੱਚ ਪ੍ਰਸ਼ਾਂਤ ਮਹਾਂਸਾਗਰ ਦਾ ਤਾਪਮਾਨ ਆਮ ਤੋਂ ਘੱਟ ਹੋ ਜਾਂਦਾ ਹੈ। ਇਸ ਨਾਲ ਭਾਰਤ ਵਿੱਚ ਆਮ ਤੋਂ ਵੱਧ ਠੰਢ ਅਤੇ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੁੰਦੀ ਹੈ।
ਉੱਚੇ ਹਿਮਾਲਿਆ ਖੇਤਰਾਂ (4 ਹਜ਼ਾਰ ਫੁੱਟ ਤੋਂ ਵੱਧ ਉਚਾਈ ’ਤੇ) ਵਿੱਚ ਔਸਤ ਤਾਪਮਾਨ ਮਾਈਨਸ 15°C ਜਾਂ ਇਸ ਤੋਂ ਵੀ ਘੱਟ ਦਰਜ ਹੋ ਰਿਹਾ ਹੈ। ਲਾ ਨੀਨਾ ਕਾਰਨ ਉੱਤਰੀ, ਮੱਧ ਅਤੇ ਪੂਰਬੀ ਭਾਰਤ ਵਿੱਚ ਔਸਤ ਤਾਪਮਾਨ 3-4°C ਤੱਕ ਹੋਰ ਘਟ ਸਕਦਾ ਹੈ।
ਮੱਧ ਪ੍ਰਦੇਸ਼ ਵਿੱਚ ਸਰਦੀ ਨੇ ਆਮ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਭੋਪਾਲ ਵਿੱਚ ਨਿਊਨਤਮ ਤਾਪਮਾਨ 15.8°C ਦਰਜ ਹੋਇਆ, ਜੋ ਆਮ ਤੋਂ 3.6°C ਘੱਟ ਹੈ। ਇਹ ਪਿਛਲੇ 26 ਸਾਲਾਂ ਵਿੱਚ ਤੀਜੀ ਵਾਰ ਹੈ ਕਿ ਅਕਤੂਬਰ ਦੇ ਪਹਿਲੇ ਪਖਵਾਰੇ ਵਿੱਚ ਇੰਨਾ ਘੱਟ ਤਾਪਮਾਨ ਦਰਜ ਹੋਇਆ ਹੈ।
ਰਾਜਸਥਾਨ ਵਿੱਚ ਵੀ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵੱਡਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ। ਸੀਕਰ ਵਿੱਚ ਰਾਤ ਦਾ ਨਿਊਨਤਮ ਤਾਪਮਾਨ 15°C ਤੋਂ ਘੱਟ ਰਿਹਾ।