‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੈਸਾ ਦੇਖ ਕੇ ਮਨ ਕਿਸਦਾ ਮਨ ਨਹੀਂ ਡੋਲਦਾ। ਪਰ ਕਈ ਵਾਰ ਬੰਦਾ ਆਪਣੇ ਅਸੂਲਾਂ ਨਾਲ ਬੱਝਾ ਬਹੁਤ ਕੁੱਝ ਠੁਕਰਾ ਦਿੰਦਾ ਹੈ। ਇਕ ਇਹੋ ਜਿਹੀ ਮਿਸਾਲ ਪੇਸ਼ ਕੀਤੀ ਹੈ ਅਮਰੀਕਾ ਵਸਦੇ ਭਾਰਤੀ ਪਰਿਵਾਰ ਨੇ। ਘਟਨਾ ਅਮਰੀਕਾ ਦੇ ਮੈਸਾਚਿਊਸੇਟਸ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਅਮਰੀਕੀ ਔਰਤ ਵੱਲੋਂ ਲੱਕੀ ਡ੍ਰਾਅ ਦੀ ਟਿਕਟ ਬੇਕਾਰ ਸਮਝ ਕੇ ਸੁੱਟ ਦਿੱਤੀ ਗਈ ਪਰ, ਉਸ ਟਿਕਟ ਉੱਤੇ 10 ਲੱਖ ਡਾਲਰ ਦਾ ਇਨਾਮ ਨਿਕਲ ਆਇਆ। ਦੱਸਿਆ ਜਾ ਰਿਹਾ ਕਿ ਭਾਰਤੀ ਮੂਲ ਦੇ ਪਰਿਵਾਰ ਦੀ ਲਕੀ ਸਟਾਪ ਨਾਂ ਦੀ ਦੁਕਾਨ ਤੋਂ ਲੀ ਰੋਜ਼ ਫਿਏਗਾ ਨਾਂ ਦੀ ਔਰਤ ਨੇ ਲਾਟਰੀ ਦੀ ਟਿਕਟ ਖਰੀਦੀ ਸੀ, ਪਰ ਲਾਟਰੀ ਦੀ ਟਿਕਟ ਨੂੰ ਅੱਧੀ ਅਧੂਰੀ ਖੁਰਚ ਕੇ ਇਹ ਔਰਤ ਉੱਥੇ ਹੀ ਸੁੱਟ ਗਈ। ਇਸ ਔਰਤ ਨੇ ਕਿਹਾ ਕਿ ਉਸਨੇ ਅਜਿਹਾ ਜਲਦਬਾਜੀ ਕਾਰਨ ਕੀਤਾ। ਉਸ ਔਰਤ ਨੇ ਟਿਕਟ ਦਾ ਨੰਬਰ ਨਾ ਲੱਗਣ ਦੀ ਗੱਲ ਸੋਚ ਕੇ ਟਿਕਟ ਵਾਪਸ ਸੁੱਟਣ ਲਈ ਦੇ ਦਿੱਤੀ।
ਨਿਊਯਾਰਕ ਪੋਸਟ ਵਿਚ ਛਪੀ ਇਸ ਬਾਰੇ ਖਬਰ ਅਨੁਸਾਰ ਇਹ ਟਿਕਟ ਕੋਈ ਦਸ ਦਿਨਾਂ ਤੱਕ ਉਥੇ ਹੀ ਬੇਕਾਰ ਪਈਆਂ ਟਿਕਟਾਂ ਵਿੱਚ ਪਈ ਰਹੀ। ਪਰ ਬਾਅਦ ਵਿਚ ਇਸ ਦੁਕਾਨ ਦੇ ਮਾਲਿਕ ਦੇ ਲੜਕੇ ਨੇ ਦੇਖਿਆ ਕਿ ਟਿਕਟ ਅੱਧੀ ਅਧੂਰੀ ਖੁਰਚੀ ਗਈ ਹੈ। ਇਸੇ ਟਿਕਟ ਦੇ ਨੰਬਰ 10 ਲੱਖ ਡਾਲਰ ਦੇ ਇਨਾਮ ਵਾਲੀ ਟਿਕਟ ਨਾਲ ਮੇਲ ਖਾ ਗਏ। ਇਸ ਟਿਕਟ ਦੀ ਮਾਲਿਕ ਔਰਤ ਇਸ ਦੁਕਾਨ ਦੀ ਰੈਗੁਲਰ ਗ੍ਰਾਹਕ ਹੋਣ ਕਾਰਣ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਅੱਧੀ ਖੁਰਚੀ ਟਿਕਟ ਉਸ ਦਿਨ ਉਸੇ ਔਰਤ ਨੇ ਸੁੱਟਣ ਲਈ ਵਾਪਸ ਕੀਤੀ ਸੀ।
ਹਾਲਾਂਕਿ ਕਿ ਇਸ ਪਰਿਵਾਰ ਨੇ ਕਿਹਾ ਕਿ ਟਿਕਟ ਵਾਪਸ ਕਰਨ ਦਾ ਫੈਸਲਾ ਇੰਨਾ ਸੌਖਾ ਨਹੀਂ ਸੀ। ਦੋ ਦਿਨਾਂ ਤੱਕ ਇਸ ਕਾਰਣ ਸੌਂ ਵੀ ਨਹੀਂ ਸਕੇ। ਅਖੀਰ ਭਾਰਤ ਵਸਦੀ ਆਪਣੀ ਮਾਂ, ਦਾਦੀ ਨੂੰ ਫੋਨ ਕਰਕੇ ਇਹ ਸਾਰੀ ਘਟਨਾ ਦੱਸੀ ਤਾਂ ਉਨ੍ਹਾਂ ਟਿਕਟ ਵਾਪਸ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਇਹ ਟਿਕਟ ਉਸ ਔਰਤ ਦੇ ਹਵਾਲੇ ਕਰ ਦਿੱਤੀ।