ਬਿਉਰੋ ਰਿਪੋਰਟ: ਬੰਗਲਾਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ, ਭਾਰਤ ਨੇ ਹਾਈ ਕਮਿਸ਼ਨ ਅਤੇ ਕੌਂਸਲੇਟ ਵਿੱਚ ਤਾਇਨਾਤ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਮੌਜੂਦ ਹਨ। ਦੂਜੇ ਪਾਸੇ ਬੰਗਲਾਦੇਸ਼ ’ਚ ਵੀ ਹਿੰਦੂਆਂ ਦੇ ਘਰਾਂ ਅਤੇ ਮੰਦਰਾਂ ’ਤੇ ਹਮਲੇ ਜਾਰੀ ਹਨ। ਅਜਿਹੇ ’ਚ ਜਦੋਂ ਤੋਂ ਸਥਿਤੀ ਸੰਵੇਦਨਸ਼ੀਲ ਬਣੀ ਹੈ, ਭਾਰਤ ਨੇ ਪੂਰੀ ਘਟਨਾ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ।
ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਕੌਂਸਲੇਟ ਵਿੱਚ ਤਾਇਨਾਤ ਗੈਰ-ਜ਼ਰੂਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਾਪਸੀ ਵਪਾਰਕ ਉਡਾਣਾਂ ਰਾਹੀਂ ਹੋਈ ਹੈ। ਫਿਲਹਾਲ ਸਾਰੇ ਡਿਪਲੋਮੈਟ ਹਾਈ ਕਮਿਸ਼ਨ ’ਚ ਹੀ ਰਹਿਣਗੇ। ਸੂਤਰਾਂ ਨੇ ਦੱਸਿਆ ਕਿ ਹਾਈ ਕਮਿਸ਼ਨ ’ਚ ਕੰਮ ਜਾਰੀ ਰਹੇਗਾ।
ਬੰਗਲਾਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ
ਏਅਰ ਇੰਡੀਆ ਅਤੇ ਇੰਡੀਗੋ ਨੇ ਬੰਗਲਾਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਲਈ ਵਿਸ਼ੇਸ਼ ਉਡਾਣਾਂ ਚਲਾਈਆਂ ਹਨ। ਇਸ ਦੇ ਜ਼ਰੀਏ 400 ਤੋਂ ਜ਼ਿਆਦਾ ਲੋਕਾਂ ਨੂੰ ਭਾਰਤ ਲਿਆਂਦਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ ਛੇ ਬੱਚਿਆਂ ਸਮੇਤ 205 ਲੋਕਾਂ ਨੂੰ ਭਾਰਤ ਲਿਆਂਦਾ ਗਿਆ ਹੈ। ਇੰਡੀਗੋ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਏ 321 ਨਿਓ ਏਅਰਕ੍ਰਾਫਟ ਦੁਆਰਾ ਸੰਚਾਲਿਤ ਚਾਰਟਰਡ ਫਲਾਈਟ ਮੰਗਲਵਾਰ ਰਾਤ ਨੂੰ ਢਾਕਾ ਤੋਂ ਰਵਾਨਾ ਹੋਈ ਸੀ ਅਤੇ ਛੇ ਬੱਚਿਆਂ ਅਤੇ 199 ਬਾਲਗਾਂ ਸਮੇਤ 205 ਲੋਕਾਂ ਨੂੰ ਭਾਰਤ ਲਿਆਇਆ ਸੀ।
ਬੁੱਧਵਾਰ ਤੋਂ ਢਾਕਾ ਲਈ ਚੱਲਣਗੀਆਂ ਉਡਾਣਾਂ
ਏਅਰ ਇੰਡੀਆ ਬੁੱਧਵਾਰ ਤੋਂ ਦਿੱਲੀ ਅਤੇ ਢਾਕਾ ਵਿਚਕਾਰ ਆਪਣੀਆਂ ਦੋ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰੇਗੀ। ਇਸ ਦੇ ਨਾਲ ਹੀ ਵਿਸਤਾਰਾ ਬੁੱਧਵਾਰ ਤੋਂ ਤੈਅ ਸਮਾਂ ਸਾਰਣੀ ਦੇ ਮੁਤਾਬਕ ਢਾਕਾ ਲਈ ਉਡਾਣਾਂ ਵੀ ਚਲਾਏਗੀ। ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਇੱਕ ਖ਼ਾਸ ਵਰਗ ਦੇ ਲੋਕਾਂ ਲਈ ਰਾਖਵਾਂਕਰਨ ਪ੍ਰਣਾਲੀ ਦੇ ਖ਼ਿਲਾਫ਼ ਜੁਲਾਈ ਦੇ ਅੱਧ ਵਿੱਚ ਵਿਦਿਆਰਥੀ ਪ੍ਰਦਰਸ਼ਨ ਸ਼ੁਰੂ ਹੋਏ ਸਨ। ਜਿਸ ਤੋਂ ਬਾਅਦ ਇਨ੍ਹਾਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰਨ ਕਰ ਲਿਆ। ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ।