ਬਿਉਰੋ ਰਿਪੋਰਟ: ‘ਗੋਲਡਨ ਗਰਲ’ ਦੀਪਿਕਾ ਦੇ 11ਵੇਂ ਗੋਲ ਦੀ ਮਦਦ ਨਾਲ ਭਾਰਤ ਨੇ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੀਨ ਨੂੰ 1-0 ਨਾਲ ਹਰਾ ਕੇ ਰਿਕਾਰਡ ਤੀਜੀ ਵਾਰ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਪਿਛਲੇ ਸਾਲ ਰਾਂਚੀ ਅਤੇ 2016 ਵਿੱਚ ਸਿੰਗਾਪੁਰ ਵਿੱਚ ਇਹ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੇ ਜ਼ਬਰਦਸਤ ਤਾਲਮੇਲ ਅਤੇ ਸੰਜਮ ਵਿਖਾਇਆ ਅਤੇ ਚੀਨ ਨੂੰ ਹਰਾਇਆ।
ਮੈਚ ਦੌਰਾਨ ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਦੀਪਿਕਾ ਨੇ ਦੂਜੇ ਹਾਫ ਦੇ ਪਹਿਲੇ ਹੀ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਖਚਾਖਚ ਭਰੇ ਬਿਹਾਰ ਸਪੋਰਟਸ ਯੂਨੀਵਰਸਿਟੀ ਸਟੇਡੀਅਮ ’ਚ ਮੌਜੂਦ ਦਰਸ਼ਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ।
ਦੂਜੇ ਹਾਫ ਦੇ ਪਹਿਲੇ ਹੀ ਮਿੰਟ ਵਿੱਚ ਲਾਲਰੇਮਸਿਆਮੀ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ। ਪਹਿਲਾ ਸ਼ਾਟ ਖੁੰਝ ਗਿਆ ਪਰ ਗੇਂਦ ਸਰਕਲ ਦੇ ਅੰਦਰ ਸੀ ਅਤੇ ਨਵਨੀਤ ਦੀ ਸਟਿੱਕ ਤੋਂ ਭਟਕ ਕੇ ਦੀਪਿਕਾ ਤੱਕ ਪਹੁੰਚ ਗਈ ਜਿਸ ਨੇ ਸ਼ਾਨਦਾਰ ਫਲਿੱਕ ਨਾਲ ਗੋਲ ਦੇ ਅੰਦਰ ਪਾ ਦਿੱਤਾ।
ਭਾਰਤ ਕੋਲ ਤੀਜੇ ਕੁਆਰਟਰ ਵਿੱਚ ਹੀ ਬੜ੍ਹਤ ਦੁੱਗਣੀ ਕਰਨ ਦਾ ਸੁਨਹਿਰੀ ਮੌਕਾ ਸੀ ਪਰ 42ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ’ਤੇ ਦੀਪਿਕਾ ਦੇ ਸ਼ਾਟ ਨੂੰ ਚੀਨੀ ਗੋਲਕੀਪਰ ਨੇ ਸੱਜੇ ਪਾਸੇ ਡਾਈਵ ਲਗਾ ਕੇ ਬਚਾ ਲਿਆ। ਭਾਰਤ ਨੂੰ ਚੌਥੇ ਕੁਆਰਟਰ ’ਚ ਪੈਨਲਟੀ ਕਾਰਨਰ ਵੀ ਮਿਲਿਆ ਪਰ ਬਦਲਾਅ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਇਸ ਤੋਂ ਪਹਿਲਾਂ ਚੀਨ ਨੇ ਸ਼ੁਰੂਆਤੀ ਮਿੰਟ ਤੋਂ ਹੀ ਗੇਂਦ ’ਤੇ ਕੰਟਰੋਲ ਦੇ ਮਾਮਲੇ ’ਚ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਹਾਫ ਵਿੱਚ ਭਾਵੇਂ ਭਾਰਤੀ ਟੀਮ ਅੱਠ ਵਾਰ ਚੀਨੀ ਦਾਇਰੇ ਵਿੱਚ ਦਾਖ਼ਲ ਹੋਈ ਅਤੇ ਚੀਨੀ ਟੀਮ ਸਿਰਫ਼ ਪੰਜ ਵਾਰ ਹੀ ਹਮਲਾ ਕਰ ਸਕੀ, ਪਰ ਇਸ ਨੇ ਭਾਰਤੀ ਖਿਡਾਰੀਆਂ ਨੂੰ ਆਸਾਨੀ ਨਾਲ ਗੇਂਦ ਹਾਸਲ ਨਹੀਂ ਕਰਨ ਦਿੱਤੀ।