The Khalas Tv Blog India ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਤਣਾਅ ਘਟਾਉਣ ਸਬੰਧੀ ਹੋਈ ਕਮਾਂਡਰ ਪੱਧਰ ਦੀ ਗੱਲਬਾਤ, ਚੀਨ ਨੇ ਫਿਰ ਜਤਾਇਆ ਇਤਰਾਜ਼
India

ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਤਣਾਅ ਘਟਾਉਣ ਸਬੰਧੀ ਹੋਈ ਕਮਾਂਡਰ ਪੱਧਰ ਦੀ ਗੱਲਬਾਤ, ਚੀਨ ਨੇ ਫਿਰ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ :- ਲੱਦਾਖ ਸਥਿਤ ਪੈਂਗੌਂਗ ਝੀਲ ਦੇ ਨੇੜਲੇ ਇਲਾਕਿਆ ਵਿੱਚ ਚੀਨ ਦੀ ‘ਭੜਕਾਊ ਕਾਰਵਾਈ’ ਤੋਂ ਬਾਅਦ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰ ਵਿਚਾਲੇ ਗੱਲਬਾਤ ਹੋਈ ਹੈ। ਸਰਕਾਰੀ ਸੂਤਰਾਂ ਮੁਤਾਬਿਕ ਇਹ ਗੱਲਬਾਤ ਤਣਾਅ ਘਟਾਉਣ ਲਈ ਕੀਤੀ ਗਈ। ਦੋਵਾਂ ਦੇਸ਼ਾਂ ਦੀ ਫ਼ੌਜ ਨੇ ਚੁਸ਼ੂਲ ਵਿੱਚ ਬ੍ਰਿਗੇਡ ਕਮਾਂਡਰ ਪੱਧਰ ਦੀ ਬੈਠਕ ਆਰੰਭੀ ਸੀ। ਇਹ ਬੈਠਕ ਕਰੀਬ ਸੱਤ ਘੰਟੇ ਤੱਕ ਚੱਲੀ, ਹਾਲਾਂਕਿ ਚੀਨੀ ਧਿਰ ਵੱਲੋਂ ਇਤਰਾਜ਼ ਜਤਾਇਆ ਕਿ ਭਾਰਤ ਨੇ ਖਿੱਤੇ ਵਿੱਚ ਕੁੱਝ ਰਣਨੀਤਕ ਚੋਟੀਆਂ ‘ਤੇ ਕਬਜ਼ਾ ਕੀਤਾ ਹੈ। ਜਦਕਿ ਭਾਰਤੀ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਇਹ ਥਾਵਾਂ LAC ਦੇ ਭਾਰਤ ਵਾਲੇ ਪਾਸੇ ਹਨ।

ਭਾਰਤ ਨੇ ਕਿਹਾ ਕਿ ਇਸ ਸਰਹੱਦੀ ਵਿਵਾਦ ਨੂੰ ਉਹ ਗੱਲਬਾਤ ਰਾਹੀਂ ਨਜਿੱਠੇਗਾ, ਪਰ ਜੇਕਰ ਚੀਨ ਕੋਈ ‘ਗੁਸਤਾਖ਼ੀ’ ਕਰਦਾ ਹੈ ਤਾਂ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੀ ਗੱਲਬਾਤ 31 ਅਗਸਤ ਤੇ 1 ਸਤੰਬਰ ਨੂੰ ਵੀ ਹੋਈ ਸੀ, ਜਿਸ ਦਾ ਕੋਈ ‘ਠੋਸ ਸਿੱਟਾ’ ਨਹੀਂ ਨਿਕਲਿਆ। ਭਾਰਤੀ ਫੌਜ ਨੇ ਪੂਰਬੀ ਲੱਦਾਖ ਵਿੱਚ ਰਣਨੀਤਕ ਲਾਭ ਹਾਸਲ ਕੀਤਾ ਹੈ। ਪਿਛਲੇ ਕੁੱਝ ਦਿਨਾਂ ਤੋਂ ਕਈ ਰਣਨੀਤਕ ਪੱਧਰ ’ਤੇ ਮਹੱਤਵਪੂਰਨ ਚੋਟੀਆਂ ਤੇ ਥਾਵਾਂ ’ਤੇ ਕਬਜ਼ਾ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ‘ਇਲਾਕਿਆ ‘ਚ ਹਾਲੇ ਵੀ ਸਥਿਤੀ ਸੰਵੇਦਨਸ਼ੀਲ ਹੈ।’ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਟਕਰਾਅ ਪੈਂਗੌਂਗ ਦੇ ਉੱਤਰੀ ਕੰਢੇ ‘ਤੇ ਹੀ ਹੋਇਆ ਸੀ, ਪਰ ਇਸ ਵਾਰ ਪਹਿਲੀ ਵਾਰ ਦੋਵੇਂ ਦੱਖਣੀ ਸਿਰੇ ’ਤੇ ਭਿੜੇ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1 ਸਤੰਬਰ ਨੂੰ ਪੂਰਬੀ ਲੱਦਾਖ ਦੀ ਸਥਿਤੀ ਦਾ ਉੱਚ ਪੱਧਰੀ ਮੀਟਿੰਗ ‘ਚ ਜਾਇਜ਼ਾ ਲਿਆ ਸੀ। ਇਸ ਮੌਕੇ ਫ਼ੈਸਲਾ ਕੀਤਾ ਗਿਆ ਸੀ ਕਿ ਭਾਰਤੀ ਫ਼ੌਜ LAC ਨਾਲ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਹਮਲਾਵਰ ਪਹੁੰਚ ਬਰਕਰਾਰ ਰੱਖੇਗੀ ਤਾਂ ਕਿ ਚੀਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਭਾਰਤੀ ਫ਼ੌਜ ਨੇ ਝੀਲ ਦੇ ਦੱਖਣੀ ਕੰਢੇ ’ਤੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਇਨ੍ਹਾਂ ਲਈ ਮਾਰੂ ਹਥਿਆਰ ਲਿਆਂਦੇ ਗਏ ਹਨ। ਇੱਥੇ ਟੈਂਕ ਤੇ ਐਂਟੀ-ਟੈਂਕ ਮਿਜ਼ਾਈਲਾਂ ਵੀ ਫ਼ੌਜ ਨੇ ਤਾਇਨਾਤ ਕਰ ਦਿੱਤੀਆਂ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਭਾਰਤੀ ਹਵਾਈ ਸੈਨਾ ਵੀ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਕੁੱਝ ਰਿਪੋਰਟਾਂ ਮੁਤਾਬਕ ਚੀਨ ਨੇ ਹੋਟਾਨ ਏਅਰਬੇਸ ’ਤੇ ਲੰਮੀ ਰੇਂਜ ਦੇ ਜੇ-20 ਲੜਾਕੂ ਜਹਾਜ਼ ਤੇ ਹੋਰ ਹਥਿਆਰ ਤਾਇਨਾਤ ਕਰ ਦਿੱਤੇ ਹਨ। ਇਹ ਏਅਰਬੇਸ ਪੂਰਬੀ ਲੱਦਾਖ ਤੋਂ 310 ਕਿਲੋਮੀਟਰ ਦੀ ਦੂਰੀ ’ਤੇ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤ ਨੇ ਵੀ ਪੂਰਬੀ ਲੱਦਾਖ ਤੇ LAC ਨੇੜਲੇ ਏਅਰਬੇਸ ’ਤੇ ਸੁਖੋਈ 30 ਐਮਕੇਆਈ, ਜੈਗੁਆਰ ਤੇ ਮਿਰਾਜ 2000 ਲੜਾਕੂ ਜਹਾਜ਼ ਤਾਇਨਾਤ ਕੀਤੇ ਹੋਏ ਹਨ।

Exit mobile version