ਬਿਉਰੋ ਰਿਪੋਰਟ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 18 ਅਕਤੂਬਰ ਨੂੰ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਜਿਹੜਾ ਬਿਆਨ ਦਿੱਤਾ ਸੀ । ਉਸ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਰਿਸ਼ਤਿਆਂ ਨੂੰ ਲੈਕੇ ਦਿੱਤੇ ਜਾਣ ਵਾਲਾ ਹਰ ਬਿਆਨ ਕਾਫੀ ਅਹਿਮ ਹੈ । ਇਸ ਦੌਰਾਨ ਬੰਦ ਦਰਵਾਜ਼ੇ ਦੇ ਪਿੱਛੇ ਭਾਰਤ ਅਤੇ ਕੈਨੇਡਾ ਦੇ ਅਧਿਕਾਰੀਆਂ ਦੀ ਜਿਹੜੀ ਬੈਕਡੋਰ ਡਿਪਲੋਮੈਸੀ ਸ਼ੁਰੂ ਹੋ ਗਈ ਹੈ ਉਹ ਰਿਸ਼ਤਿਆਂ ਨੂੰ ਲੈਕੇ ਆਉਣ ਵਾਲੇ ਦਿਨਾਂ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਾ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ । ਇਸ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈਕੇ ਅਹਿਮ ਬਿਆਨ ਦਿੱਤਾ ਹੈ ।
2 ਦਿਨ ਪਹਿਲਾਂ ਖ਼ਬਰ ਆਈ ਸੀ ਕਿ ਭਾਰਤ ਨੇ ਕੈਨੇਡਾ ਦੇ 41 ਡਿਪਲਮੈਟ ਨੂੰ 10 ਅਕਤੂਬਰ ਤੱਕ ਦੇਸ਼ ਛੱਡਣ ਦਾ ਅਲਟੀਮੇਟਮ ਦਿੱਤਾ ਹੈ । ਇਸ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦਾ ਅਹਿਮ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਕੈਨੇਡਾ ਦੇ ਸਫੀਰਾਂ ਦੀ ਗਿਣਤੀ ਭਾਰਤ ਵਿੱਚ ਸਾਡੇ ਤੋਂ ਜ਼ਿਆਦਾ ਹੈ ਇਸ ਨੂੰ ਬੈਲੰਸ ਕਰਨ ਦੀ ਜ਼ਰੂਰਤ ਹੈ । ਇਸ ਮੁੱਦੇ ਨੂੰ ਲੈਕੇ ਸਾਡੀ ਗੱਲਬਾਤ ਕੂਟਨੀਤਿਕ ਪੱਧਰ ‘ਤੇ ਜਾਰੀ ਹੈ। ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੂੰ ਭਾਰਤ ਸਰਕਾਰ ਵੱਲੋਂ 41 ਕੈਨੇਡਾ ਦੇ ਡਿਪੋਮੈਟ ਨੂੰ ਜਾਰੀ ਅਲਟੀਮੇਟਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਇਹ ਕੂਟਨੀਤਿਕ ਗੱਲਬਾਤ ਹੈ ਅਤੇ ਉਹ ਇਸ ਦੇ ਵੇਰਵਾ ਅਤੇ ਤਰੀਕ ਸਾਂਝੀ ਨਹੀਂ ਕਰ ਸਕਦੇ ਹਨ ।
ਭਾਰਤੀ ਵਿਦੇਸ਼ ਮੰਤਰਾਲੇ ਨੇ ਜਿਹੜੀ ਕੂਟਨੀਤਿਕ ਗੱਲਬਾਤ ਵੱਲ ਇਸ਼ਾਰਾ ਕੀਤਾ ਹੈ,ਉਹ ਹੀ ਗੱਲਬਾਤ 2 ਦਿਨ ਪਹਿਲਾਂ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਕੀਤੀ ਸੀ ਜੋ ਦੋਵਾਂ ਦੇਸ਼ਾਂ ਦੀ ਬੈਕਡੋਰ ਕੂਟਨੀਤੀ ‘ਤੇ ਮੋਹਰ ਲਗਾਉਂਦੀ ਹੈ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ । ਪਰ ਪਹਿਲਾਂ ਅਸੀਂ ਤੁਹਾਨੂੰ ਜਸਟਿਨ ਟਰੂਡਾ ਦਾ ਉਹ ਬਿਆਨ ਦੱਸ ਦੇ ਹਾਂ ਜੋ ਕੈਨੇਡਾ ਦੇ 41 ਡਿਪਲੋਮੈਟ ਨੂੰ ਭਾਰਤ ਤੋਂ ਵਾਪਸ ਭੇਜਣ ਦੀ ਖਬਰਾਂ ਤੋਂ ਬਾਅਦ ਆਇਆ ਸੀ ਉਹ ਵੀ ਕਾਫੀ ਕੁਝ ਬਿਆਨ ਕਰਦਾ ਹੈ । ਟਰੂਡੋ ਨੇ ਕਿਹਾ ਸੀ ਕੈਨੇਡਾ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੇ ਡਿਪਲੋਮੈਟ ਭਾਰਤ ਵਿੱਚ ਰਹਿਣ। ਅਸੀਂ ਲਗਾਤਾਰ ਅਜਿਹੇ ਕਦਮ ਚੁੱਕ ਦੇ ਰਹਾਂਗੇ ਜਿਸ ਨਾਲ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਦੇ ਨਾਲ ਚੰਗੇ ਰਿਸ਼ਤੇ ਬਣੇ ਰਹਿਣ । ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਦੇਸ਼ ਮੰਤਰਾਲੇ ਦਾ 41 ਡਿਪਲੋਮੈਟ ਨੂੰ ਵਾਪਸ ਭੇਜਣ ਦੇ ਮੋਹਰ ਨਾ ਲਗਾ ਕੇ ਸਿਰਫ਼ ਇਸ ਨੂੰ ਕੂਟਨੀਤਿਕ ਦਾ ਰੂਪ ਦੇਣਾ ਕਾਫੀ ਕੁਝ ਇਸ਼ਾਰਾ ਕਰ ਰਿਹਾ ਹੈ। ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਉਹ ਬਿਆਨ ਜੋ ਭਵਿੱਖ ਵਿੱਚ ਭਾਰਤ ਨਾਲ ਚੰਗੇ ਰਿਸ਼ਤਿਆਂ ਨੂੰ ਲੈਕੇ ਦਿੱਤਾ ਗਿਆ ਸੀ ।
ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਬੈਕਡੋਰ ਡਿਪੋਮੈਸੀ ਵੱਲ ਇਸ਼ਾਰਾ
ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਕਿਹਾ ਸੀ ਕਿ ਡਿਪਲੋਮੈਟਿਕ ਸੰਕਟ ਤੋਂ ਨਿਕਲਣ ਦੇ ਲਈ ਉਹ ਭਾਰਤ ਦੇ ਨਾਲ ਪ੍ਰਾਈਵੇਟ ਗੱਲਬਾਤ ਕਰਨਾ ਚਾਹੁੰਦੇ ਹਨ । ਜੋਲੀ ਨੇ ਕਿਹਾ ਅਸੀਂ ਭਾਰਤ ਦੇ ਨਾਲ ਸੰਪਰਕ ਵਿੱਚ ਹਾਂ । ਸਾਡੇ ਲਈ ਕੈਨੇਡਾ ਦੇ ਡਿਪਲੋਮੈਟ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ । ਅਸੀਂ ਭਾਰਤ ਦੇ ਨਾਲ ਪ੍ਰਾਈਵੇਟ ਗੱਲਬਾਤ ਜਾਰੀ ਰੱਖਾਂਗੇ। ਕਿਉਂਕਿ ਡਿਪਲਮੈਸੀ ਦੇ ਮਾਮਲਿਆਂ ਵਿੱਚ ਆਪਣੀ ਗੱਲਬਾਤ ਨਾਲ ਚੰਗੇ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ। ਸਾਫ ਹੈ ਦੋਵੇ ਹੀ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਕੂਟਨੀਤੀ ਦੇ ਜ਼ਰੀਏ ਮਾਮਲੇ ਨੂੰ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਧਰ ਵਿਦਿਆਰਥੀਆਂ ਨੂੰ ਲੈਕੇ ਭਾਰਤੀ ਵਿਦੇਸ਼ ਮੰਤਰਾਲੇ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।
ਵੀਜ਼ੇ ਦਾ ਵਿਦਿਆਰਥੀਆਂ ‘ਤੇ ਕਿੰਨਾਂ ਅਸਰ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੂੰ ਜਦੋਂ ਪੰਜਾਬ ਅਤੇ ਗੁਜਰਾਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵੀਜ਼ੇ ‘ਤੇ ਪੈਣ ਵਾਲੇ ਅਸਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਕੀ ਅਸਰ ਪਏਗਾ ? ਪਰ ਅਸੀਂ ਕੂਟਨੀਤਕਾਂ ਦੀ ਗਿਣਤੀ ਘਟਾਉਣ ਬਾਰੇ ਚਰਚਾ ਕਰ ਰਹੇ ਹਾਂ।