India

ਹੜ੍ਹਾਂ ਤੋਂ ਬਾਅਦ ਹੁਣ ਪਵੇਗੀ ਠੰਢ ਦੀ ਮਾਰ! ਮੌਸਮ ਵਿਗਿਆਨੀਆਂ ਦੀ ਚੇਤਾਵਨੀ

ਬਿਊਰੋ ਰਿਪੋਰਟ (16 ਸਤੰਬਰ 2025): ਭਾਰੀ ਮੀਂਹ, ਹੜ੍ਹ ਤੇ ਬੱਦਲ ਫਟਣ ਵਰਗੀਆਂ ਕੁਦਰਤੀ ਆਪਦਾਵਾਂ ਦੀ ਮਾਰ ਝੱਲ ਰਹੇ ਉੱਤਰੀ ਭਾਰਤੀ ਵਾਸਤੇ ਇੱਕ ਹੋਰ ਧਿਆਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਾਰ ਭਾਰਤ ਵਿੱਚ ਸਰਦੀਆਂ ਬਹੁਤ ਕਠੋਰ ਹੋਣ ਵਾਲੀਆਂ ਹਨ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਬਰਫ਼ੀਲੇ ਹੋਣਗੇ ਅਤੇ ਉੱਤਰੀ ਮੈਦਾਨਾਂ ਨੂੰ ਤੀਬਰ ਠੰਢ ਦੀ ਲਹਿਰ ਆਪਣੀ ਲਪੇਟ ਵਿੱਚ ਲਵੇਗੀ।

ਵਿਗਿਆਨੀਆਂ ਮੁਤਾਬਕ ਪ੍ਰਸ਼ਾਂਤ ਮਹਾਂਸਾਗਰ ਵਿੱਚ ‘ਲਾ ਨੀਨਾ ਅਸਰ’, ਜੋ ਕਿ ਸਮੁੰਦਰ ਦੇ ਠੰਢਾ ਹੋਣ ਵਾਲੀ ਪ੍ਰਕਿਰਿਆ ਹੈ, ਦੁਬਾਰਾ ਵਾਪਸ ਆ ਰਿਹਾ ਹੈ। ਇਹ ਅਸਰ ਭਾਰਤ ਦੇ ਮੌਸਮ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰੇਗਾ।

ਮੌਸਮ ਵਿਗਿਆਨੀਆਂ ਨੇ ਉਮੀਦ ਜਤਾਈ ਹੈ ਕਿ 2025 ਦੇ ਅੰਤ ਤੱਕ ਲਾ ਨੀਨਾ ਵਾਪਸ ਆ ਜਾਵੇਗਾ, ਜਿਸ ਕਾਰਨ ਉੱਤਰੀ ਭਾਰਤ ਵਿੱਚ ਠੰਢ ਹੋਰ ਵਧੇਗੀ। ਵਿਗਿਆਨੀਆਂ ਨੇ ਹਿਮਾਚਲ ਤੇ ਜੰਮੂ-ਕਸ਼ਮੀਰ ਸਮੇਤ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਵਧਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਲਾ ਨੀਨਾ ਕੀ ਹੈ?

ਲਾ ਨੀਨਾ ਇੱਕ ਸਮੁੰਦਰੀ ਪ੍ਰਕਿਰਿਆ ਹੈ ਜਿਸ ਵਿੱਚ ਪ੍ਰਸ਼ਾਂਤ ਮਹਾਂਸਾਗਰ ਦਾ ਪਾਣੀ ਆਮ ਨਾਲੋਂ ਜ਼ਿਆਦਾ ਠੰਢਾ ਹੋ ਜਾਂਦਾ ਹੈ।
ਇਸ ਨਾਲ ਹਵਾ ਅਤੇ ਮੌਸਮ ਦੇ ਪੈਟਰਨ ਬਦਲ ਜਾਂਦੇ ਹਨ। ਭਾਰਤ ਵਿੱਚ ਇਹ ਅਸਰ ਜ਼ਿਆਦਾਤਰ ਤੀਬਰ ਸਰਦੀਆਂ ਅਤੇ ਵੱਧ ਬਰਫ਼ਬਾਰੀ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ।