ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Chief minister Bhagwant Mann) ਨੇ ਇੰਡੀਆ ਗਠਜੋੜ ਦੇ ਫੈਸਲੇ ਨਾਲ ਸਹਿਮਤੀ ਵਿਖਾਉਂਦੇ ਹੋਏ ਨੀਤੀ ਅਯੋਗ ਦੀ ਬੈਠਕ ਦਾ ਬਾਇਕਾਟ ਕਰਨ ਦਾ ਫੈਸਲਾ ਲਿਆ ਹੈ ।
27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਇਹ ਮੀਟਿੰਗ ਹੋਣ ਵਾਲੀ ਸੀ।
ਇਸ ਤੋਂ ਪਹਿਲਾਂ ਕਾਂਗਰਸ ਅਤੇ DMK ਨੇ ਨੀਤੀ ਅਯੋਗ ਦੀ ਬੈਠਕ ਵਿੱਚ ਨਾ ਜਾਣ ਦਾ ਫੈਸਲਾ ਲਿਆ ਸੀ । ਬੀਤੇ ਦਿਨੀ ਇੰਡੀਆ ਗਠਜੋੜ ਬਲਾਕ ਨੇ ਇਲਜ਼ਾਮ ਲਗਾਇਆ ਸੀ ਕਿ ਕੇਂਦਰੀ ਬਜਟ 2024-25 ਵਿੱਚ ਗੈਰ NDA ਸ਼ਾਸਤ ਸੂਬਿਆਂ ਦੀ ਅਣਦੇਖੀ ਹੋਈ ਹੈ । ਜਿਸ ਦੇ ਬਾਅਦ ਕਾਂਗਰਸ ਅਤੇ DMK ਨੇ ਬਾਇਕਾਟ ਦਾ ਐਲਾਨ ਕੀਤਾ ਸੀ ।
ਆਮ ਆਦਮੀ ਪਾਰਟੀ ਨੇ ਕਿਹਾ ਅਸੀਂ ਇੰਡੀਆ ਗਠਜੋੜ ਦੇ ਨਾਲ ਖੜੇ ਹਾਂ । ਇੰਡੀਆ ਗਠਜੋੜ ਨੇ ਨੀਤੀ ਅਯੋਗ ਦੀ ਬੈਠਕ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਤੋਂ ਦੂਰ ਰਹਿਣਗੇ । ਗਠਜੋੜ ਤੋਂ ਵੱਖ ਲਾਈਨ ਲੈਣ ਦਾ ਕੋਈ ਮਤਲਬ ਨਹੀਂ ਹੈ ।
ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਬੈਠਕ ਵਿੱਚ ਹਿੱਸਾ ਨਹੀਂ ਲੈਣਗੇ । ਇਸ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ,ਕਰਨਾਟਕਾ ਦੇ ਸੀਐੱਮ ਸਿਦਾਰਮਇਆ ਅਤੇ ਤਮਿਲਨਾਡੁ ਦੇ MK ਸਟਾਲਿਨ ਵੀ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ ।
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜਸਭਾ ਐੱਮਪੀ ਸੰਦੀਪ ਪਾਠਕ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਛੋਟੀ ਸੋਚ ਨਾਲ ਸਿਆਸਤ ਕਰ ਰਹੀ ਹੈ । ਸਾਨੂੰ ਸਰਕਾਰ ਨੂੰ ਜਗਾਉਣਾ ਹੋਵੇਗਾ ਜੋ ਉਹ ਕਰ ਰਹੇ ਹਨ ਉਹ ਗਲਤ ਹੈ । ਜੇਕਰ ਦੇਸ਼ ਦਾ ਬਜਟ ਇਸੇ ਤਰ੍ਹਾਂ ਤਿਆਰ ਹੁੰਦਾ ਰਹੇਗਾ ਤਾਂ ਤਰਕੀ ਕਿਵੇਂ ਹੋਵੇਗੀ ।
ਨੀਤੀ ਅਯੋਗ ਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਲੈਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਿੱਚ ਤਿਆਰੀਆਂ ਰੁਕ ਗਈਆਂ ਹਨ । ਪਹਿਲਾਂ ਪੰਜਾਬ ਨਾਲ ਜੁੜੀਆਂ ਮੰਗਾਂ ਨੂੰ ਲੈਕੇ ਤਿਆਰੀ ਚੱਲ ਰਹੀ ਸੀ । ਸੀਐੱਮ ਮਾਨ ਕੇਂਦਰ ਸਾਹਮਣੇ 10 ਹਜ਼ਾਰ ਕਰੋੜ ਰੁਪਏ ਦਾ ਮੁੱਦਾ ਚੁੱਕਣ ਵਾਲੇ ਸਨ ।