‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਨੇ ਭਾਰਤ ਵਿੱਚ ਹੁਣ 47 ਹੋਰ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਉਨ੍ਹਾਂ 47 ਐਪਸ ‘ਤੇ ਪਾਬੰਦੀ ਲਗਾਈ ਗਈ ਹੈ ਜੋ ਪਿਛਲੇ ਮਹੀਨੇ ਪਾਬੰਦੀ ਲਗਾਏ ਗਏ 59 ਐਪਸ ਦੇ ਕਲੋਨ ਵਜੋਂ ਕੰਮ ਕਰ ਰਹੇ ਸਨ। ਭਾਰਤ ਵੱਲੋਂ ਹੋਰ ਪਾਬੰਦੀ ਲਗਾਏ ਗਏ ਇਨ੍ਹਾਂ ਚੀਨੀ ਐਪਸ ਦੀ ਸੂਚੀ ਦੀ ਘੋਸ਼ਣਾ ਅਜੇ ਤੱਕ ਨਹੀਂ ਕੀਤੀ ਗਈ। ਇਹ ਐਲਾਨ ਜਲਦੀ ਹੀ ਅਧਿਕਾਰਤ ਤੌਰ ‘ਤੇ ਕੀਤਾ ਜਾਵੇਗਾ।
ਜੂਨ ਦੇ ਅੰਤ ‘ਤੇ ਸਰਕਾਰ ਨੇ “ਰਾਸ਼ਟਰੀ ਹਿੱਤ ਅਤੇ ਸੁਰੱਖਿਆ ਦੀ ਰਾਖੀ” ਲਈ 59 ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਵਿੱਚ ਟਿਕਟੋਕ ਵਰਗਾ ਬਹੁਤ ਪ੍ਰਸਿੱਧ ਐਪ ਵੀ ਸ਼ਾਮਲ ਸੀ। ਇਸ ਪਾਬੰਦੀ ਦਾ ਐਲਾਨ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਦੇ ਤਹਿਤ ਕੀਤਾ ਗਿਆ
ਸਰਕਾਰ ਨੇ ਅਜਿਹੇ 250 ਤੋਂ ਵੱਧ ਹੋਰ ਐਪਸ ਦੀ ਸੂਚੀ ਵੀ ਤਿਆਰ ਕੀਤੀ ਸੀ ਜਿਸ ਦੀ ਵਰਤੋਂ ਕਿਸੇ ਵੀ ਉਪਭੋਗਤਾ ਦੀ ਨਿੱਜਤੀ ਜਾਂ ਰਾਸ਼ਟਰੀ ਸੁਰੱਖਿਆ ਦੀ ਉਲੰਘਣਾ ਲਈ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਿਕ PUBG Mobile ਸਮੇਤ ਕੁੱਝ ਚੋਟੀ ਦੀਆਂ ਚੀਨੀ ਗੇਮਸ ਐਪਸ ਪਾਬੰਦੀਸ਼ੁਦਾ ਐਪਸ ਦੀ ਨਵੀਂ ਸੂਚੀ ਦਾ ਹਿੱਸਾ ਹੋ ਸਕਦੀਆਂ ਹਨ।
ਇਸ ਤੋਂ ਪਹਿਲਾਂ ਚੀਨ ਦੇ ਮਸ਼ਹੂਰ ਐਪਸ ‘ਤੇ ਪਾਬੰਦੀ ਲਗਾਈ ਗਈ ਸੀ ਜਿਸ ਵਿੱਚ TikTok, SHAREit, UC Browser, Helo ਅਤੇ WeChat ਐਪਸ ਸ਼ਾਮਲ ਸਨ।
ਸਰਕਾਰ ਨੇ ਐਪਲ ਅਤੇ ਗੂਗਲ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਦੇਸ਼ ਵਿਚਲੇ ਆਪਣੇ ਐਪ ਸਟੋਰਾਂ ਤੋਂ ਪਾਬੰਦੀਸ਼ੁਦਾ ਐਪਸ ਨੂੰ ਹਟਾ ਦੇਣ।