India International

ਭਾਰਤ ਨੇ 16 ਪਾਕਿਸਤਾਨੀ ਯੂ.ਟਿਊਬ ਚੈਨਲਾਂ ’ਤੇ ਲਗਾਈ ਪਾਬੰਦੀ

ਪਹਿਲਗਾਮ ਘਟਨਾ ਮਗਰੋਂ ਪਾਕਿਸਤਾਨ ਦੀ ਆਵਾਜ਼ ਨੂੰ ਭਾਰਤ ‘ਚ ਲਗਾਤਾਰ ਬੰਦ ਕੀਤਾ ਜਾ ਰਿਹਾ ਹੈ. ਪਹਿਲਾਂ ਪਾਕਿਸਤਾਨ ਸਰਕਾਰ ਦਾ ਅਧਿਕਾਰਿਤ ਐਕਸ ਖਾਤਾ ਭਾਰਤ ‘ਚ ਬਲਾਕ ਕੀਤਾ ਗਿਆ ਅਤੇ ਹੁਣ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਭਾਰਤ ਸਰਕਾਰ ਨੇ ਭਾਰਤ, ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਭੜਕਾਊ ਅਤੇ ਸੰਪਰਦਾਇਕ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ, ਝੂਠੇ ਅਤੇ ਗੁੰਮਰਾਹਕੁੰਨ ਬਿਰਤਾਂਤਾਂ ਅਤੇ ਗਲਤ ਜਾਣਕਾਰੀ ਦਾ ਪ੍ਰਸਾਰ ਕਰਨ ਦੇ ਇਲਜ਼ਾਮਾਂ ਤਹਿਤ ਡਾਨ ਨਿਊਜ਼, ਸਮਾ ਟੀਵੀ, ARY ਨਿਊਜ਼, GEO ਨਿਊਜ਼ ਸਮੇਤ 16 ਪਾਕਿਸਤਾਨੀ ਯੂਟਿਊਬ ਚੈਨਲਾਂ ’ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਭਾਵ ਕਿ ਇਹ ਚੈਨਲ ਹੁਣ ਭਾਰਤ ‘ਚ ਨਹੀਂ ਦੇਖੇ ਜਾ ਸਕਣਗੇ।

ਇਹ ਕਦਮ ਇਸ ਕਰਕੇ ਚੁੱਕਿਆ ਗਿਆ ਸੀ

ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਭਾਰਤ ਵਿਰੁੱਧ ਭੜਕਾਊ ਸਮੱਗਰੀ ਫੈਲਾਉਣ ਅਤੇ ਸਮਾਜ ਵਿੱਚ ਨਫ਼ਰਤ ਫੈਲਾਉਣ ਦੇ ਦੋਸ਼ ਵਿੱਚ ਬਲਾਕ ਕਰ ਦਿੱਤਾ ਗਿਆ ਹੈ। ਭਾਰਤ ਦੇ ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਭਿਆਨਕ ਅੱਤਵਾਦੀ ਹਮਲੇ ਵਿੱਚ 25 ਭਾਰਤੀ ਨਾਗਰਿਕ ਅਤੇ ਇੱਕ ਨੇਪਾਲੀ ਨਾਗਰਿਕ ਮਾਰੇ ਗਏ ਸਨ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।

ਭਾਰਤ ਨੇ ਕਈ ਸਖ਼ਤ ਫੈਸਲੇ ਲਏ ਹਨ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਮੀਟਿੰਗ ਵਿੱਚ, ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਦੇਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਫਿਲਹਾਲ ਰੋਕ ਦੇਣ ਦਾ ਫੈਸਲਾ ਕੀਤਾ ਹੈ। ਇਹ ਕਦਮ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਸਾਰਕ ਅਧੀਨ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੀਆਂ ਗਈਆਂ ਸਾਰੀਆਂ ਵੀਜ਼ਾ ਛੋਟਾਂ ਨੂੰ ਵੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਨੇ ਪਾਕਿਸਤਾਨੀ ਡਿਪਲੋਮੈਟਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਇਸ ਫੈਸਲੇ ਨਾਲ ਅਟਾਰੀ ਸਰਹੱਦੀ ਚੈੱਕਪੋਸਟ ਵੀ ਬੰਦ ਹੋ ਜਾਵੇਗੀ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਜ਼ਮੀਨੀ ਸੰਪਰਕ ਖਤਮ ਹੋ ਜਾਵੇਗਾ। ਇਹ ਸਾਰੇ ਫੈਸਲੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਅੰਦਰੂਨੀ ਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਗਏ ਹਨ।