ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਹੈ, ਜਿਸਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਗਿਆ ਹੈ।
ਭਾਰਤ ਨੇ ਪਾਕਿਸਤਾਨੀ ਅੱਤਵਾਦ ਖਿਲਾਫ ਜੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਓਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਕਰਦਿਆਂ, ਭਾਰਤ ਨੇ ਪਾਕਿਸਤਾਨ ਦੀਆਂ 9 ਵੱਖ-ਵੱਖ ਥਾਵਾਂ ’ਤੇ ਮਿਸਾਈਲਾਂ ਨਾਲ ਹਮਲਾ ਕੀਤਾ ਹੈ। ਇਸ ਹਮਲੇ ਨਾਲ ਪਾਕਿਸਤਾਨ ’ਚ ਘਬਰਾਹਟ ਦਾ ਮਾਹੌਲ ਬਣ ਗਿਆ ਹੈ। ਹਮਲੇ ਵਿੱਚ ਕਈ ਆਤੰਕੀ ਠਿਕਾਣੇ ਨਸ਼ਟ ਹੋ ਗਏ ਹਨ। ਇਸ ਹਮਲੇ ਵਿੱਚ 75 ਦਹਿਸ਼ਤਗਰਦ ਹਲਾਕ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਦਕਿ 3 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਇਹ ਕਾਰਵਾਈ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਹੈ। ਹਮਲੇ ਵਿੱਚ ਕੁੱਲ ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿੱਥੋਂ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਨਿਰਦੇਸ਼ਤ ਕੀਤਾ ਜਾ ਰਿਹਾ ਸੀ। ਭਾਰਤ ਨੇ ਕਿਹਾ, “ਸਾਡੀ ਕਾਰਵਾਈ ਕੇਂਦ੍ਰਿਤ, ਮਾਪੀ ਗਈ ਅਤੇ ਭੜਕਾਊ ਨਹੀਂ ਹੈ। ਕਿਸੇ ਵੀ ਪਾਕਿਸਤਾਨੀ ਫੌਜੀ ਸਥਾਪਨਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਟੀਚਿਆਂ ਦੀ ਚੋਣ ਵਿੱਚ ਬਹੁਤ ਸੰਜਮ ਦਿਖਾਇਆ ਹੈ।”
ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਹਮਲੇ ਦੀ ਵੀਡੀਓ ਸਭ ਤੋਂ ਪਹਿਲਾਂ ਸਾਂਝੀ ਕੀਤੀ, ਜਿਸ ਵਿੱਚ ਧਮਾਕਾ ਟ੍ਰੈਫਿਕ ਜਾਮ ਵਿੱਚ ਫਸੇ ਪਾਕਿਸਤਾਨੀ ਲੋਕਾਂ ਦੇ ਸਾਹਮਣੇ ਹੁੰਦਾ ਦੇਖਿਆ ਗਿਆ ਸੀ।
ਭਾਰਤੀ ਫੌਜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 6-7 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ’ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ 3 ਮਾਸੂਮ ਨਾਗਰਿਕਾਂ ਦੀ ਜਾਨ ਚਲੀ ਗਈ। ਭਾਰਤੀ ਫੌਜ ਇਸਦਾ ਢੁਕਵਾਂ ਜਵਾਬ ਦੇ ਰਹੀ ਹੈ। ਮਾਰੇ ਗਏ ਨਾਗਰਿਕਾਂ ਦੀ ਪਛਾਣ ਮੁਹੰਮਦ ਆਦਿਲ ਪੁੱਤਰ ਸ਼ਾਹੀਨ ਨੂਰ – ਸਾਗਰਾ, ਮੇਂਧਰ, ਸਲੀਮ ਹੁਸੈਨ ਪੁੱਤਰ ਅਲਤਾਫ ਹੁਸੈਨ ਬਾਲਾਕੋਟ ਤਹਿਸੀਲ, ਮੇਂਧਰ, ਰੂਬੀ ਕੌਰ ਪਤਨੀ ਸ਼ਾਲੂ ਸਿੰਘ ਵਾਸੀ ਮੁਹੱਲਾ ਸਰਦਾਰਾਂ, ਮਾਨਕੋਟ ਵਜੋਂ ਹੋਈ ਹੈ।