India Sports

ਏਸ਼ੀਆ ਕੱਪ 2025 ਦਾ ਇਤਿਹਾਸਿਕ ਫਾਈਨਲ, ਤੀਜੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ

ਬਿਊਰੋ ਰਿਪੋਰਟ (26 ਸਤੰਬਰ 2025): ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੁਕਾਬਲਾ 28 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਪਾਕਿਸਤਾਨ ਨੇ ਵੀਰਵਾਰ ਨੂੰ ਬੰਗਲਾਦੇਸ਼ ਨੂੰ 11 ਰਨ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਬੰਗਲਾਦੇਸ਼ ਦੀ ਟੀਮ 136 ਰਨ ਦੇ ਨਿਸ਼ਾਨੇ ਦਾ ਪਿੱਛਾ ਕਰਦਿਆਂ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ਼ 124 ਰਨ ਹੀ ਬਣਾ ਸਕੀ। ਸ਼ਮੀਮ ਹੁਸੈਨ ਨੇ ਸਭ ਤੋਂ ਵੱਧ 30 ਰਨ ਬਣਾਏ। ਟੀਮ ਦੇ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫ਼ਰੀਦੀ ਅਤੇ ਹਾਰਿਸ ਰਉਫ਼ ਨੇ 3-3 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਸੈਮ ਅਯੂਬ ਨੇ 2 ਵਿਕਟਾਂ ਹਾਸਲ ਕੀਤੀਆਂ।

ਇਸ ਤੋਂ ਪਹਿਲਾਂ, ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਨੇ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 135 ਰਨ ਬਣਾਏ। ਮੁਹੰਮਦ ਹਾਰਿਸ ਨੇ 31, ਅਫ਼ਰੀਦੀ ਨੇ 19 ਅਤੇ ਮੁਹੰਮਦ ਨਵਾਜ਼ ਨੇ 25 ਰਨ ਜੋੜੇ। ਪਾਕਿਸਤਾਨ ਦੀ ਟੀਮ ਨੇ 49 ਰਨ ’ਤੇ ਹੀ 5 ਵਿਕਟਾਂ ਗੁਆ ਦਿੱਤੀਆਂ ਸਨ। ਬੰਗਲਾਦੇਸ਼ ਵੱਲੋਂ ਤਸਕੀਨ ਅਹਿਮਦ ਨੇ 3 ਵਿਕਟਾਂ ਲੈ ਲਈਆਂ, ਜਦਕਿ ਮਹਦੀ ਹਸਨ ਅਤੇ ਰਿਸ਼ਾਦ ਹੁਸੈਨ ਨੇ 2-2 ਵਿਕਟਾਂ ਲਈਆਂ।