ਭਾਰਤ ਨੇ ਚੱਕਰਵਾਤ ਡਿਟਵਾ ਨਾਲ ਪ੍ਰਭਾਵਿਤ ਸ਼੍ਰੀਲੰਕਾ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੀ ਪਾਕਿਸਤਾਨੀ ਉਡਾਣ ਨੂੰ ਆਪਣੇ ਹਵਾਈ ਖੇਤਰ ਵਿੱਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ। ਇਹ ਇਜਾਜ਼ਤ ਸਿਰਫ਼ ਚਾਰ ਘੰਟਿਆਂ ਵਿੱਚ ਦਿੱਤੀ ਗਈ।ਪਾਕਿਸਤਾਨ ਨੇ 1 ਦਸੰਬਰ ਨੂੰ ਓਵਰਫਲਾਈਟ ਕਲੀਅਰੈਂਸ ਮੰਗੀ ਸੀ।
ਸੋਮਵਾਰ ਦੁਪਹਿਰ ਲਗਭਗ 1 ਵਜੇ ਬੇਨਤੀ ਆਈ ਤੇ ਸ਼ਾਮ 5:30 ਵਜੇ ਤੱਕ ਅਧਿਕਾਰਤ ਚੈਨਲਾਂ ਰਾਹੀਂ ਮਨਜ਼ੂਰੀ ਦੇ ਦਿੱਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਕਦਮ ਦੱਸਿਆ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਭਾਰਤ ਨੇ ਆਪਣਾ ਹਵਾਈ ਖੇਤਰ ਨਹੀਂ ਖੋਲ੍ਹਿਆ। ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਨੂੰ “ਬੇਬੁਨਿਆਦ ਤੇ ਗੁੰਮਰਾਹਕੁੰਨ” ਕਰਾਰ ਦਿੱਤਾ।
ਦੱਸਣਯੋਗ ਹੈ ਕਿ 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਮੁਲਕਾਂ ਨੇ ਇੱਕ-ਦੂਜੇ ਦੇ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ ਅੱਜ ਵੀ ਭਾਰਤੀ ਏਅਰਲਾਈਨਾਂ ਲਈ ਆਪਣਾ ਏਅਰਸਪੇਸ ਬੰਦ ਰੱਖਿਆ ਹੋਇਆ ਹੈ। ਭਾਰਤ ਨੇ ਇਸ ਮਾਨਵਤਾਵਾਦੀ ਮੌਕੇ ’ਤੇ ਤੇਜ਼ੀ ਨਾਲ ਫੈਸਲਾ ਲੈ ਕੇ ਸ਼੍ਰੀਲੰਕਾ ਨੂੰ ਤੁਰੰਤ ਰਾਹਤ ਪਹੁੰਚਣ ਵਿੱਚ ਸਹਿਯੋਗ ਦਿੱਤਾ, ਜਦਕਿ ਪਾਕਿਸਤਾਨ ਨੇ ਇਸ ਦੇ ਉਲਟ ਆਪਣੀ ਪਾਬੰਦੀ ਜਾਰੀ ਰੱਖੀ ਹੈ।

