India Lok Sabha Election 2024

INDIA ਗਠਜੋੜ ਨੇ ਨਿਤੀਸ਼ ਕੁਮਾਰ ਨੂੰ ਦਿੱਤਾ ਸੀ PM ਅਹੁਦੇ ਦਾ ਆਫ਼ਰ, ਨਿਤੀਸ਼ ਨੇ ਠੁਕਰਾਇਆ?

ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੇਸ਼ ‘ਚ ਅਗਲੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਜੇਡੀਯੂ ਦੇ ਸੀਨੀਅਰ ਆਗੂ ਕੇਸੀ ਤਿਆਗੀ ਨੇ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ ਕਿ INDIA ਗਠਜੋੜ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ‘ਪ੍ਰਧਾਨ ਮੰਤਰੀ’ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਹੈ, ਪਰ ਉਨ੍ਹਾਂ ਇਸ ਆਫ਼ਰ ਨੂੰ ਠੁਕਰਾ ਦਿੱਤਾ ਹੈ।

ਬਿਹਾਰ ਵਿੱਚ ਭਾਜਪਾ ਅਤੇ ਜੇਡੀਯੂ ਨੇ ਸਾਂਝੇ ਤੌਰ ’ਤੇ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਨਿਤੀਸ਼ ਕੁਮਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਐਨਡੀਏ ਨਾਲ ਹਨ, ਪਰ ਸ਼ੁਰੂ ਤੋਂ ਹੀ ਸਿਆਸੀ ਹਲਕਿਆਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ‘ਨਿਤੀਸ਼ ਸਭ ਦਾ ਹੈ…’ ਹਾਲਾਂਕਿ ਕੇਸੀ ਤਿਆਗੀ ਨੇ ਐਨਡੀਟੀਵੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਜੇਡੀਯੂ ਨੇ ਭਾਰਤ ਗਠਜੋੜ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਜੇਡੀਯੂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਤੱਕ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਉਹ ਹੁਣ ਐਨ.ਡੀ.ਏ. ਦੇ ਨਾਲ ਹਨ।

ਕੇਸੀ ਤਿਆਗੀ ਨੇ ਕਿਹਾ, “ਇੰਡੀਆ ਬਲਾਕ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਰਿਹਾ ਹੈ। ਪਰ ਨਿਤੀਸ਼ ਕੁਮਾਰ ਅਤੇ ਸਾਡੀ ਪਾਰਟੀ ਨੇ ਉਸ ਪੇਸ਼ਕਸ਼ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ। ਸਮੇਂ ਦਾ ਚੱਕਰ ਵੇਖੋ, ਜੋ ਲੋਕ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਰਹੇ ਹਨ, ਉਹ ਪਹਿਲਾਂ ਉਨ੍ਹਾਂ ਨੂੰ ਕੋਆਰਡੀਨੇਡਰ ਦੇ ਯੋਗ ਵੀ ਨਹੀਂ ਸਮਝਦੇ ਸੀ। ਪਰ ਹੁਣ ਅਸੀਂ ਮਜ਼ਬੂਤੀ ਨਾਲ NDA ਦੇ ਨਾਲ ਹਾਂ।”