‘ਦ ਖ਼ਾਲਸ ਬਿਊਰੋ:- ਭਾਰਤ ਦੇ 74ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ‘ਤੇ ਸੱਤਵੀਂ ਵਾਰ ਤਿਰੰਗਾ ਲਹਿਰਾਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੁਨੀਆ ਆਪਸ ਵਿੱਚ ਜੁੜੀ ਹੋਈ ਹੈ ਅਤੇ ਇੱਕ ਦੂਜੇ ‘ਤੇ ਨਿਰਭਰ ਹੈ। ਇਸ ਲਈ ਜੇ ਭਾਰਤ ਨੇ ਦੁਨੀਆ ਦੀ ਆਰਥਿਕਤਾ ਵਿੱਚ ਭੂਮਿਕਾ ਨਿਭਾਉਣੀ ਹੈ ਤਾਂ ਸਾਨੂੰ ਆਤਮ ਨਿਰਭਰ ਹੋਣਾ ਪਵੇਗਾ। ਜੇ ਅਸੀਂ ਆਪ ਸਮਰੱਥ ਹੋਵਾਂਗੇ ਤਾਂ ਹੀ ਅਸੀਂ ਦੁਨੀਆ ਦੀ ਭਲਾਈ ਲਈ ਕੁੱਝ ਕਰ ਸਕਾਂਗੇ। ਦੁਨੀਆ ਭਾਰਤ ਵੱਲ ਦੇਖ ਵੀ ਰਹੀ ਹੈ ਤੇ ਇਸ ਨੂੰ ਭਾਰਤ ਤੋਂ ਉਮੀਦਾਂ ਵੀ ਹਨ। ਇਸ ਲਈ ਸਾਨੂੰ ਆਪਣੇ-ਆਪ ਨੂੰ ਯੋਗ ਬਣਾਉਣਾ ਪਵੇਗਾ।
ਇਸ ਮੌਕੇ ਉਨ੍ਹਾਂ ਨੇ ਕੋਰੋਨਾ ਯੋਧਿਆਂ ਦਾ ਵੀ ਜ਼ਿਕਰ ਕੀਤਾ ਅਤੇ ਕੋਰੋਨਾ ਮਹਾਂਮਾਰੀ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਇਸ ਲੜਾਈ ਵਿੱਚ ਜਿੱਤ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਭਾਰਤ ਨੇ ਆਤਮ ਨਿਰਭਰ ਭਾਰਤ ਦਾ ਸੰਕਲਪ ਲਿਆ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੀ ਸ਼ੁਰੂਆਤ ਅੱਜ ਤੋਂ ਕੀਤੀ ਜਾ ਰਹੀ ਹੈ। ਇਸ ਅਧੀਨ ਇਲਾਜ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਭਾਰਤ ਵਿੱਚ ਕੀਤੇ ਜਾ ਰਹੇ ਸੁਧਾਰਾਂ ਨੂੰ ਦੁਨੀਆ ਦੇਖ ਰਹੀ ਹੈ। ਇਸੇ ਕਾਰਨ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਪਿਛਲੇ ਸਾਲ ਦੌਰਾਨ ਇਸ ਵਿੱਚ 18 ਫ਼ੀਸਦੀ ਦਾ ਵਾਧਾ ਹੋਇਆ ਹੈ। ਹੁਣ ਅਸੀਂ ਮੇਕ ਇਨ ਇੰਡੀਆ ਦੇ ਨਾਲ ਮੇਕ ਫਾਰ ਵਰਲਡ ਦਾ ਮੰਤਰ ਲੈ ਕੇ ਅੱਗੇ ਵਧਣਾ ਹੈ। ਨੈਸ਼ਨਲ ਇਨਫਰਾਸਟਰਕਚਰ ਪਾਈਪਲਾਈਨ ਸ਼ੁਰੂ ਕੀਤੀ ਜਾਵੇਗੀ। ਸਾਡੇ ਸਮੁੰਦਰੀ ਤੱਟਾਂ ਦੇ ਵਿਕਾਸ ਲਈ ਚਹੁੰ-ਮਾਰਗੀ ਸੜਕਾਂ ਬਣਾਈਆਂ ਜਾਣਗੀਆਂ। ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਰੁਜ਼ਗਾਰ ਅਤੇ ਜਦੋਂ ਉਹ ਕੰਮ ਲਈ ਸ਼ਹਿਰਾਂ ਵਿੱਚ ਆਉਣ ਤਾਂ ਉਨ੍ਹਾਂ ਨੂੰ ਰਹਿਣ ਲਈ ਘਰ ਮਿਲਣ, ਇਸ ਲਈ ਯਤਨ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਕਿਸਾਨਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਅਸੀਂ ਕਿਸਾਨ ਨੂੰ ਬੰਧਨ ਮੁਕਤ ਕਰ ਦਿੱਤਾ ਹੈ। ਕਿਸਾਨ ਕੋਈ ਵੀ ਉਤਪਾਦ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵੇਚ ਸਕਦਾ ਹੈ, ਪਹਿਲਾਂ ਕਿਸਾਨ ਅਜਿਹਾ ਨਹੀਂ ਕਰ ਸਕਦਾ ਸੀ ਪਰ ਹੁਣ ਉਹ ਅਜਿਹਾ ਕਰ ਸਕੇਗਾ।
ਅਸੀਂ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦੇ ਯਤਨ ਵਿੱਚ ਲੱਗੇ ਹਾਂ। ਕੋਰੋਨਾ ਕਾਲ ਵਿੱਚ ਹੀ ਸਰਕਾਰ ਨੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਇੱਕ ਲੱਖ ਕਰੋੜ ਜਾਰੀ ਕੀਤੇ ਹਨ। ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਆਰਥਿਕ ਖੇਤਰ ਬਣਾਏ ਜਾਣਗੇ।
ਪਿਛਲੇ ਸਾਲ ਮੈਂ ਜਲ ਮਿਸ਼ਨ ਯੋਜਨਾ ਦਾ ਐਲਾਨ ਕੀਤਾ ਸੀ। ਅੱਜ ਮੈਨੂੰ ਸੰਤੋਸ਼ ਹੈ ਕਿ ਹਰ ਰੋਜ਼ ਇੱਕ ਲੱਖ ਤੋਂ ਵਧੇਰੇ ਘਰਾਂ ਤੱਕ ਪਾਣੀ ਪਹੁੰਚ ਰਿਹਾ ਹੈ ਤੇ ਪਿਛਲੇ ਇੱਕ ਸਾਲ ਦੌਰਾਨ ਇੱਕ ਕਰੋੜ ਘਰਾਂ ਤੱਕ ਪਾਣੀ ਪਹੁੰਚਾਇਆ ਜਾ ਸਕਿਆ ਹੈ।
ਦੇਸ਼ ਵਿੱਚ ਫਾਈਬਰ ਔਪਟਿਕਸ ਦੇ ਨੈੱਟਵਰਕ ਦਾ ਵਿਸਥਾਰ ਕੀਤਾ ਗਿਆ ਹੈ ਤਾਂ ਜੋ ਉਹ ਵੀ ਡਿਜੀਟਲ ਇੰਡੀਆ ਦਾ ਹਿੱਸਾ ਬਣ ਸਕਣ। ਅਉਣ ਵਾਲੇ ਸਮੇਂ ਵਿੱਚ ਇੱਕ ਹਜ਼ਾਰ ਦਿਨਾਂ ਵਿੱਚ ਛੇ ਲੱਖ ਪਿੰਡਾਂ ਤੱਕ ਫਾਈਬਰ ਔਪਟਿਕਸ ਦੇ ਨੈੱਟਵਰਕ ਦਾ ਵਿਸਥਾਰ ਕਰ ਦਿੱਤਾ ਜਾਵੇਗਾ। ਸਾਈਬਰ ਦੇ ਖੇਤਰ ਵਿੱਚ ਸੰਭਾਵਨਾਵਾਂ ਵੀ ਹਨ ਅਤੇ ਖ਼ਤਰੇ ਵੀ ਹਨ। ਆਉਣ ਵਾਲੇ ਸਮੇਂ ਵਿੱਚ ਸਾਈਬਰ ਸੁਰੱਖਿਆ ਨੀਤੀ ਲਿਆਂਦੀ ਜਾਵੇਗੀ।
ਮੋਦੀ ਨੇ ਕਿਹਾ ਕਿ ਕੋਰੋਨਾ ਦੀ ਵੈਕਸੀਨ ਦੀ ਸਾਰੇ ਉਡੀਕ ਕਰ ਰਹੇ ਹਨ। ਭਾਰਤ ਵਿੱਚ ਕੋਰੋਨਾ ਦੀਆਂ ਤਿੰਨ ਵੈਕਸੀਨਾਂ ਪ੍ਰੀਖਣ ਦੇ ਵੱਖ-ਵੱਖ ਪੜਾਵਾਂ ਉੱਪਰ ਹਨ। ਵਿਗਿਆਨੀਆਂ ਦੀ ਹਰੀ ਝੰਡੀ ਮਿਲਦਿਆਂ ਹੀ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਲੱਦਾਖ਼ ਵਿੱਚ ਕੇਂਦਰੀ ਯੂਨੀਵਰਸਿਟੀ ਬਣਾਈ ਜਾ ਰਹੀ ਹੈ, ਰਿਸਰਚ ਸੈਂਟਰ ਬਣਾਏ ਜਾ ਰਹੇ ਹਨ। ਲੱਦਾਖ਼ ਕਾਰਬਨ ਨਿਊਟਰਲ ਇਕਾਈ ਦਾ ਨਮੂਨਾ ਬਣ ਸਕਦਾ ਹੈ।
LOC ਤੋਂ ਲੈ ਕੇ LAC ਤੱਕ ਜਿਸ ਨੇ ਵੀ ਸਾਡੇ ਵੱਲ ਅੱਖ ਚੁੱਕੀ, ਸਾਡੇ ਦੇਸ਼ ਦੀ ਫ਼ੌਜ ਨੇ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ। 192 ਵਿੱਚੋਂ 184 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਸਥਾਈ ਮੈਂਬਰੀ ਲਈ ਭਾਰਤ ਦੀ ਹਮਾਇਤ ਕੀਤੀ ਹੈ।
ਪਿਛਲੇ ਸਮੇਂ ਦੌਰਾਨ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਸੌ ਤੋਂ ਵਧੇਰੇ ਰੱਖਿਆ ਉਤਪਾਦਾਂ ਦੇ ਇੰਪੋਰਟ ਉੱਪਰ ਰੋਕ ਲਗਾਈ ਹੈ। ਸਾਡਾ ਵਿਸ਼ਾਲ ਸਮੁੰਦਰੀ ਤਟ ਹੈ ਅਤੇ ਸਾਡੇ ਕੋਲ 1300 ਤੋਂ ਵਧੇਰੇ ਦੀਪ ਹਨ। ਜਿਨ੍ਹਾਂ ਵਿੱਚੋਂ ਚੋਣਵੇਂ ਦੀਪਾਂ ਦੇ ਵਿਕਾਸ ਲਈ ਕੰਮ ਸ਼ੁਰੂ ਕੀਤਾ ਗਿਆ ਹੈ।
ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਐੱਨਸੀਸੀ ਦਾ ਵਿਸਥਾਰ ਕੀਤਾ ਜਾਵੇਗਾ। ਤਟੀ ਜ਼ਿਲ੍ਹਿਆਂ ਵਿੱਚ ਜਲ ਸੈਨਾ ਅਤੇ ਦੂਜੀਆਂ ਥਾਵਾਂ ‘ਤੇ ਫੌਜ ਅਤੇ ਜਿੱਥੇ ਹਵਾਈ ਟਿਕਾਣੇ ਹਨ, ਉੱਥੋਂ ਦੇ ਨੌਜਵਾਨਾਂ ਨੂੰ ਹਵਾਈ ਫ਼ੌਜ ਲਈ ਸਿਖਲਾਈ ਦਿੱਤੀ ਜਾਏਗੀ। ਉਨ੍ਹਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਵਿੱਚ ਦੇਸ਼ ਵਾਸੀਆਂ ਦੀ ਸਮਝਦਾਰੀ ਦਾ ਸਬੂਤ ਦਿੱਤਾ।