ਬਿਊਰੋ ਰਿਪੋਰਟ (ਅੰਮ੍ਰਿਤਸਰ, 12 ਅਕਤੂਬਰ 2025): ਪੰਜਾਬ ’ਚ ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਹੁਣ ਇੱਕ ਗੰਭੀਰ ਤੇ ਜਾਨਲੇਵਾ ਸਮੱਸਿਆ ਦਾ ਰੂਪ ਲੈ ਚੁੱਕੇ ਹਨ। ਹਾਲ ਹੀ ’ਚ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ’ਚ ਮੌਤ ਤੋਂ ਬਾਅਦ ਇਹ ਮਸਲਾ ਫਿਰ ਚਰਚਾ ’ਚ ਆ ਗਿਆ ਹੈ। ਮਾਮਲਾ ਹੁਣ ਪੰਜਾਬ-ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ ਹੈ। ਲੋਕ ਇਹ ਸਵਾਲ ਚੁੱਕ ਰਹੇ ਹਨ ਕਿ 2016 ’ਚ ਜੋ ਕਾਓ ਸੈਸ ਲਗਾਇਆ ਗਿਆ ਸੀ, ਉਹ ਅਖ਼ੀਰ ਵਰਤਿਆ ਕਿੱਥੇ ਗਿਆ?
ਦੱਸ ਦੇਈਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਵਾਹਨ ਇੱਕ ਬੇਸਹਾਰਾ ਪਸ਼ੂ ਨਾਲ ਟਕਰਾਇਆ ਸੀ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਚੋਟਾਂ ਲੱਗੀਆਂ ਅਤੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਇਹ ਹਾਦਸਾ ਸਿਰਫ਼ ਦੁੱਖਦਾਈ ਨਹੀਂ, ਸਗੋਂ ਪ੍ਰਸ਼ਾਸਨ ਤੇ ਜਨਤਾ ਦੋਵਾਂ ਲਈ ਇੱਕ ਵੱਡੀ ਚੇਤਾਵਨੀ ਵੀ ਹੈ।
ਪੰਜਾਬ ’ਚ ਲਗਭਗ 1.80 ਲੱਖ ਆਵਾਰਾ ਪਸ਼ੂ
ਅੰਮ੍ਰਿਤਸਰ ਦੇ ਸਮਾਜਸੇਵੀ ਤੇ ਇੰਜੀਨੀਅਰ ਪਵਨਦੀਪ ਸ਼ਰਮਾ ਦੱਸਦੇ ਹਨ ਕਿ ਇਸ ਵੇਲੇ ਪੰਜਾਬ ’ਚ ਲਗਭਗ 1.80 ਲੱਖ ਆਵਾਰਾ ਪਸ਼ੂ ਹਨ, ਜਿਨ੍ਹਾਂ ’ਚ ਬੈਲ, ਗਾਂ ਤੇ ਮੱਝਾਂ ਸ਼ਾਮਲ ਹਨ। ਸਿਰਫ਼ ਅੰਮ੍ਰਿਤਸਰ ’ਚ ਹੀ 4 ਹਜ਼ਾਰ ਤੋਂ ਵੱਧ ਪਸ਼ੂ ਖੁੱਲ੍ਹੇਆਮ ਸੜਕਾਂ ਤੇ ਚੌਰਾਹਿਆਂ ’ਤੇ ਘੁੰਮ ਰਹੇ ਹਨ। ਉਨ੍ਹਾਂ ਦੇ ਮੁਤਾਬਕ, ਇਹ ਪਸ਼ੂ ਟ੍ਰੈਫਿਕ ਜਾਮ, ਵਾਹਨਾਂ ਨੂੰ ਨੁਕਸਾਨ ਤੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਸ਼ਰਮਾ ਨੇ ਕਿਹਾ ਕਿ ਨਗਰ ਨਿਗਮ, ਪ੍ਰਸ਼ਾਸਨ ਤੇ ਸਮਾਜਸੇਵੀ ਸੰਸਥਾਵਾਂ ਦੀ ਸਾਂਝੀ ਟੀਮ ਬਣਾ ਕੇ ਇਹਨਾਂ ਪਸ਼ੂਆਂ ਦੀ ਗਿਣਤੀ ਤੇ ਟਿਕਾਣਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ। ਨਾਲ ਹੀ, ਇਹਨਾਂ ਨੂੰ ਸਥਾਈ ਗੌਸ਼ਾਲਾਵਾਂ ’ਚ ਰੱਖਣ ਦੀ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ।
ਰਾਤ ਜਾਂ ਧੁੰਦ ਦੇ ਸਮੇਂ ਪਛਾਣ ਲਈ ਇਹਨਾਂ ਦੇ ਗਲੇ ’ਚ ਲਾਲ, ਪੀਲੀ ਜਾਂ ਚਿੱਟੀ ਰਿਫਲੈਕਟਿਵ ਟੇਪ ਲਗਾਉਣ ਦੀ ਪ੍ਰਣਾਲੀ ਲਾਗੂ ਹੋਣੀ ਚਾਹੀਦੀ ਹੈ। ਸਮੱਸਿਆ ਦਾ ਹੱਲ ਤਦੋਂ ਹੀ ਨਿਕਲੇਗਾ ਜਦੋਂ ਪ੍ਰਸ਼ਾਸਨ ਤੇਜ਼ੀ ਨਾਲ ਸਹੀ ਦਿਸ਼ਾ ’ਚ ਕਦਮ ਚੁੱਕੇਗਾ।
ਅੰਕੜੇ ਦੱਸ ਰਹੇ ਹਨ ਹਾਲਾਤਾਂ ਦੀ ਗੰਭੀਰਤਾ
ਦੇਸ਼-ਪੱਧਰ ’ਤੇ ਵੀ ਇਹ ਸਮੱਸਿਆ ਵਧਦੀ ਜਾ ਰਹੀ ਹੈ। 2019 ਦੀ ਪਸ਼ੂਗਿਣਤੀ ਮੁਤਾਬਕ, ਭਾਰਤ ’ਚ 50 ਲੱਖ ਤੋਂ ਵੱਧ ਆਵਾਰਾ ਪਸ਼ੂ ਸੜਕਾਂ ’ਤੇ ਘੁੰਮਦੇ ਮਿਲੇ।
ਪੰਜਾਬ ’ਚ 2020 ਤੋਂ 2022 ਦੇ ਦਰਮਿਆਨ ਹੋਏ ਇਕ ਅਧਿਐਨ ਅਨੁਸਾਰ, ਹਰ ਮਹੀਨੇ ਔਸਤਨ 31 ਲੋਕ ਪਸ਼ੂਆਂ ਨਾਲ ਟਕਰਾਉਂਦਿਆਂ ਆਪਣੀ ਜਾਨ ਗੁਆ ਰਹੇ ਹਨ। 2020 ’ਚ 312 ਮੌਤਾਂ ਹੋਈਆਂ ਜਦਕਿ 2022 ’ਚ ਇਹ ਗਿਣਤੀ ਵਧਕੇ 421 ਤੱਕ ਪਹੁੰਚ ਗਈ, ਯਾਨੀ 34.93% ਦੀ ਵਾਧਾ।
ਸੜਕ ਹਾਦਸਿਆਂ ਦੇ ਅੰਕੜੇ ਚਿੰਤਾਜਨਕ
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਤੇ ਪੰਜਾਬ ਰੋਡ ਸੇਫਟੀ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ, 2022 ’ਚ ਪੰਜਾਬ ’ਚ ਪਸ਼ੂਆਂ ਕਾਰਨ ਹੋਏ ਹਾਦਸਿਆਂ ’ਚ 421 ਮੌਤਾਂ ਦਰਜ ਹੋਈਆਂ, ਜੋ 2020 ਨਾਲੋਂ 34.93% ਜ਼ਿਆਦਾ ਹਨ।
ਇਹਨਾਂ ’ਚੋਂ 53% ਮੌਤਾਂ ਸਿੱਧੇ ਪਸ਼ੂਆਂ ਨਾਲ ਟਕਰਾਉਂਦੇ ਵਾਹਨਾਂ ’ਚ ਹੋਈਆਂ। ਹਰ ਮਹੀਨੇ ਔਸਤ 31 ਤੋਂ ਵੱਧ ਲੋਕ ਅਜਿਹੇ ਹਾਦਸਿਆਂ ’ਚ ਮਰ ਰਹੇ ਹਨ।
ਗ੍ਰਾਮੀਣ ਖੇਤਰ ’ਚ 896 ਤੇ ਸ਼ਹਿਰੀ ਖੇਤਰ ’ਚ 225 ਅਜਿਹੀਆਂ ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਹਾਦਸੇ ਮਾਨਸੂਨ ਤੇ ਧੁੰਦ ਵਾਲੇ ਮਹੀਨਿਆਂ ’ਚ ਹੁੰਦੇ ਹਨ।
ਪੰਜਾਬ ’ਚ 109 ਅਜਿਹੇ ਖ਼ਤਰਨਾਕ ਸਥਾਨ (ਹੌਟਸਪਾਟ) ਪਛਾਣੇ ਗਏ ਹਨ, ਜਿਨ੍ਹਾਂ ’ਚੋਂ 95 ਮਾਲਵਾ ਖੇਤਰ ’ਚ ਹਨ ਤੇ ਬਾਕੀ ਦੋਆਬਾ ਤੇ ਮਾਝਾ ਖੇਤਰ ’ਚ ਹਨ।
ਪਵਨਦੀਪ ਸਿੰਘ ਨੇ ਚਿੰਤਾ ਪ੍ਰਗਟਾਈ
ਪਵਨਦੀਪ ਸਿੰਘ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਹੁਣ ਸਿਰਫ਼ ਇੱਕ ਅਸੁਵਿਧਾ ਨਹੀਂ ਹੈ, ਸਗੋਂ ਜਨਤਕ ਸੁਰੱਖਿਆ ਦਾ ਮਾਮਲਾ ਹੈ। ਉਨ੍ਹਾਂ ਕਿਹਾ, “ਹਰ ਰੋਜ਼ ਸੜਕਾਂ ‘ਤੇ ਨਿਕਲਣਾ ਹੁਣ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਹੋਰ ਮਾਸੂਮ ਲੋਕ ਹਾਦਸਿਆਂ ਦਾ ਸ਼ਿਕਾਰ ਨਾ ਹੋਣ।”