‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸੰਸਦ ਵਿੱਚ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਬਾਈਕਾਟ ਬਾਰੇ ਬੋਲਦਿਆਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਬਾਈਕਾਟ ਕਰਨ ਦੀ ਬਜਾਏ ਆਪਣੀ ਗੱਲ ਜ਼ੋਰ ਨਾਲ ਰੱਖਣੀ ਚਾਹੀਦੀ ਸੀ। ਸਰਕਾਰ ਵੱਲੋਂ ਬਹੁਤ ਸਾਰੇ ਬਿਲ ਪਾਸ ਕਰਾਏ ਗਏ ਹਨ, ਜਿਨ੍ਹਾਂ ‘ਤੇ ਚਰਚਾ ਹੀ ਨਹੀਂ ਹੋਈ। ਪੰਧੇਰ ਨੇ ਅਧੂਰੀ ਆਜ਼ਾਦੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਹੈ। ਪੰਧੇਰ ਨੇ ਸਾਰੇ ਕਿਸਾਨਾਂ, ਮਜ਼ਦੂਰਾਂ, ਪੰਜਾਬੀਆਂ, ਭਾਰਤਵਾਸੀਆਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੋਟਰ ਸਾਈਕਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਹ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਦੇ ਵਾਹਘਾ ਬਾਰਡਰ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ ਸਿੰਘ ਅਟਾਰੀ ਚੌਂਕ ‘ਚ ਵੱਡਾ ਇਕੱਠ ਕੀਤਾ ਜਾਵੇਗਾ। ਫਿਰ ਉਸ ਤੋਂ ਅੱਗੇ ਗੋਲਡਨ ਗੇਟ ‘ਤੇ ਰਾਜ ਪ੍ਰਬੰਧ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ, ਜੋ 74 ਸਾਲਾਂ ਤੋਂ ਸਾਨੂੰ ਕੁੱਟ ਵੀ ਰਿਹਾ ਹੈ ਅਤੇ ਲੁੱਟ ਵੀ ਰਿਹਾ ਹੈ।