International

ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਧਾਰਮਿਕ ਵਿਕਤਰਾ ਘਟਨਾਵਾਂ ਵਿੱਚ ਵਾਧਾ ਹੋਇਆ

ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਕਤਰਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਮਨੁੱਖੀ ਅਧਿਕਾਰਾਂ ਦੀ ਮਾਹਿਰ ਅੰਮ੍ਰਿਤ ਕੌਰ ਅਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਤਕਰਾ ਅਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖ਼ਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਅੰਮ੍ਰਿਤ ਕੌਰ ਨੇ ਹਾਲ ਹੀ ਵਿੱਚ ਵਿਤਕਰੇ ਅਤੇ ਨਾਗਰਿਕ ਹੱਕ ’ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸੰਵਿਧਾਨ, ਨਾਗਰਿਕ ਅਧਿਕਾਰ ਅਤੇ ਸ਼ਹਿਰੀ ਆਜ਼ਾਦੀ ਬਾਰੇ ਸਦਨ ਦੀ ਜੁਡੀਸ਼ਰੀ ਸਬ-ਕਮੇਟੀ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ।

ਅਕਰੇ ‘ਸਿੱਖ ਕੋਲੀਸ਼ਨ’ ਦੀ ਕਾਨੂੰਨੀ ਡਾਇਰੈਕਟਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਨੀਤੀਆਂ ਅਤੇ ਕਾਨੂੰਨਾਂ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ, ਮਨੋਰੰਜਨ, ਸਿਹਤ, ਫ਼ੌਜ ਅਤੇ ਲਾਅ ਐਨਫੋਰਸਮੈਂਟ ਸਣੇ ਜਨਤਕ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਸਿੱਖਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਈ ਵਾਰ ਕੰਮ ਨਾਲ ਸਬੰਧਿਤ ਜਾਂਚ ਲਈ ਆਪਣੇ ਕੇਸ ਕਟਵਾਉਣ ਲਈ ਕਿਹਾ ਜਾਂਦਾ ਹੈ। ਅਕਰੇ ਨੇ ਕਿਹਾ ਕਿ ਸਮੇਂ-ਸਮੇਂ ’ਤੇ ਕਈ ਨੀਤੀਆਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ, ਜੋ ਘੱਟਗਿਣਤੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਦੇਸ਼ ਦਾ ਪ੍ਰਬੰਧ ਇਸ ਨੂੰ ਹੋਣ ਦਿੰਦਾ ਹੈ।

ਇਸੇ ਦੌਰਾਨ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਨੇ ਕਿਹਾ ਕਿ ਪੱਗ ਬੰਨ੍ਹਣ ਵਾਲੇ ਸਿੱਖ ਲੜਕਿਆਂ ਨੂੰ ਅਤਿਵਾਦੀ ਕਿਹਾ ਜਾਂਦਾ ਹੈ ਅਤੇ ਕੁੜੀਆਂ ਨੂੰ ਲੰਬੇ ਵਾਲ ਰੱਖਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ।