Punjab

ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਕੜਾ ਉਤਾਰਨ ਵਾਲੀ ਘਟਨਾ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੱਲ੍ਹ ਪੰਜਾਬ ਭਰ ਵਿੱਚ ਕਰਵਾਈ ਜਾ ਰਹੀ ਪਟਵਾਰੀ ਦੀ ਪ੍ਰੀਖਿਆ ਦੌਰਾਨ ਚੰਡੀਗੜ੍ਹ ’ਚ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਾਹਨਤ ਪਾਉਂਦਿਆਂ ਕਿਹਾ ਕਿ ਜੇ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਵਿੱਚ ਹੀ ਅੱਜ ਸਾਨੂੰ ਕਕਾਰ ਲਾਉਣ ਲਈ ਮਜ਼ਬੂਰ ਕਰਕੇ ਜਲੀਲ ਕੀਤਾ ਜਾਵੇ, ਇਸ ਤੋਂ ਵੱਡਾ ਮਾੜਾ ਸਮਾਂ ਸਾਡੇ ਵਾਸਤੇ ਨਹੀਂ ਹੋ ਸਕਦਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਨਵ-ਵਿਆਹੀਆਂ ਕੁੜੀਆਂ ਦਾ ਚੂੜਾ ਲਵਾਉਣਾ ਵੀ ਬਹੁਤ ਮਾੜੀ ਹਰਕਤ ਕੀਤੀ ਗਈ ਹੈ। ਅਸੀਂ ਆਪਣੇ ਹੀ ਮੁਲਕ ਵਿੱਚ ਗੈਰ ਹੋ ਗਏ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰੀਖਿਆ ਭਵਨ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਅਜਿਹੀਆਂ ਨੀਵੇਂ ਪੱਧਰ ਦੀਆਂ ਹਰਕਤਾਂ ਹੁੰਦੀਆਂ ਰਹੀਆਂ ਹਨ। ਇੱਥੋਂ ਤੱਕ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਵੀ ਮਜ਼ਬੂਰ ਕੀਤਾ ਗਿਆ ਪਰ ਵਿਦਿਆਰਥੀ ਪ੍ਰੀਖਿਆ ਨਾ ਦੇਣ ‘ਤੇ ਅੜੇ ਰਹੇ ਅਤੇ ਉਨ੍ਹਾਂ ਨੇ ਇੱਕ ਤਰ੍ਹਾਂ ਦੇ ਨਾਲ ਆਪਣਾ ਭਵਿੱਖ ਦਾਅ ‘ਤੇ ਲਾ ਦਿੱਤਾ ਸੀ। ਅਸਲ ਕਹਾਣੀ ਵੱਲ ਜਾਈਏ ਤਾਂ ਇਸਦੀ ਸ਼ੁਰੂਆਤ ਪੀਜੀਆਈ ਵਿੱਚ ਚਾਰ-ਪੰਜ ਸਾਲ ਪਹਿਲਾਂ ਲਈ ਗਈ ਐੱਮਡੀ ਦੀ ਪ੍ਰੀਖਿਆ ਤੋਂ ਹੋਈ ਸੀ, ਜਿੱਥੇ ਉਮੀਦਵਾਰ ਘੜੀ ਜਾਂ ਕੰਨਾਂ ਵਿੱਚ ਇਲੈੱਕਟ੍ਰੋਨਿਕ ਯੰਤਰ ਪਾ ਕੇ ਨਕਲ ਕਰਦੇ ਫੜ੍ਹੇ ਗਏ ਸਨ। ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਮੁੰਦਰੀਆਂ, ਘੜੀਆਂ ਜਾਂ ਪੈੱਨ ਆਦਿ ਅੰਦਰ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਸਿੱਖ ਵਿਦਿਆਰਥੀਆਂ ਨੂੰ ਕੜਾ ਜਾਂ ਦੂਜੇ ਕਕਾਰ ਲਾਹੁਣ ਲਈ ਮਜ਼ਬੂਰ ਕਰਨ ਪਿੱਛੇ ਇੱਕ ਗਿਣੀ-ਮਿੱਥੀ ਸਾਜਿਸ਼ ਲੱਗਦੀ ਹੈ। ਜੇ ਵਿਦੇਸ਼ਾਂ ਵਿੱਚ ਸਿੱਖ ਕਕਾਰਾਂ ਦੀ ਮਹੱਤਤਾ ਬਾਰੇ ਗੋਰਿਆਂ ਨੂੰ ਜਾਣਕਾਰੀ ਹੈ ਤਾਂ ਭਾਰਤ ਵਿੱਚ ਰਹਿਣ ਵਾਲਿਆਂ ਨੂੰ ਕਿਉਂ ਨਹੀਂ ਹੈ। ਜੇ ਪ੍ਰੀਖਿਆ ਅਮਲਾ ਗਿਆਨ ਤੋਂ ਇੰਨਾ ਹੀ ਊਣਾ ਮਨ ਲਈਏ ਤਾਂ ਅਜਿਹੇ ਲੋਕਾਂ ਕੋਲ ਪ੍ਰੀਖਿਆ ਡਿਊਟੀ ਦੇਣ ਦਾ ਵੀ ਹੱਕ ਨਹੀਂ ਰਹਿ ਜਾਂਦਾ। ਪੰਜਾਬ, ਚੰਡੀਗੜ੍ਹ ਅਤੇ ਕੇਂਦਰ ਸਰਕਾਰ ਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਪੰਜਾਬ ਵਿੱਚ ਰਹਿੰਦੇ ਸਿੱਖਾਂ ਨੂੰ ਆਪਣੀ ਹੀ ਰਾਜਧਾਨੀ ਵਿੱਚ ਬੇਗਾਨੇਪਨ ਦਾ ਅਹਿਸਾਸ ਹੋਣ ਲੱਗ ਪਵੇਗਾ ਜਿਹੜਾ ਕਿ ਕਿਸੇ ਤਰ੍ਹਾਂ ਵੀ ਸਮਾਜ, ਕੌਮ ਅਤੇ ਮੁਲਕ ਦੇ ਹੱਕ ਵਿੱਚ ਨਹੀਂ ਹੈ।