‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਸ਼ੁੱਕਰਵਾਰ ਰਾਤ ਨੂੰ ਰੇਲ ਗੱਡੀ ਵਿੱਚ ਇੱਕ ਵਿਅਕਤੀ ਨੇ ਬਾਕੀ ਯਾਤਰੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 10 ਲੋਕ ਜ਼ਖ਼ਮੀ ਹੋ ਗਏ ਹਨ। ਇਸ ਹਮਲੇ ਵਿੱਚ ਇੱਕ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 36 ਸਾਲਾ ਉਕਤ ਵਿਅਕਤੀ ਨੇ ਕਿਹਾ ਹੈ ਕਿ ਉਸਨੇ ਜਦੋਂ ਟ੍ਰੇਨ ਵਿੱਚ ਸਵਾਰ ਔਰਤਾਂ ਨੂੰ ਖ਼ੁਸ਼ ਵੇਖਿਆ ਤਾਂ ਉਸਨੂੰ ਗੁੱਸਾ ਆ ਗਿਆ ਅਤੇ ਉਸਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਹਮਲੇ ਤੋਂ ਬਾਅਦ ਜਦੋਂ ਉਸ ਰੇਲਗੱਡੀ ਦੇ ਉਸ ਡੱਬੇ ਵਿੱਚੋਂ ਚੀਕਾਂ ਦੀ ਆਵਾਜ਼ ਆਉਣ ਲਈ ਤਾਂ ਟ੍ਰੇਨ ਨੂੰ ਐਮਰਜੈਂਸੀ ਵਿੱਚ ਰੋਕਿਆ ਗਿਆ। ਟੋਕੀਓ ਵਿੱਚ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਉੱਥੇ ਓਲੰਪਿਕ ਖੇਡਾਂ ਹੋ ਰਹੀਆਂ ਹਨ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਟ੍ਰੇਨ ਰੁਕੀ ਤਾਂ ਉਕਤ ਹਮਲਾਵਰ ਵਿਅਕਤੀ ਰੇਲਗੱਡੀ ਤੋਂ ਕੁੱਦ ਕੇ ਟਰੈਕ ‘ਤੇ ਭੱਜਣ ਲੱਗ ਪਿਆ। ਬਾਅਦ ਵਿੱਚ ਉਹ ਇੱਕ ਦੁਕਾਨ ‘ਤੇ ਰੁਕਿਆ ਅਤੇ ਦੁਕਾਨਦਾਰ ਨੂੰ ਕਿਹਾ ਕਿ ਉਹੀ ਉਹ ਸ਼ੱਕੀ ਹਮਲਾਵਰ ਹੈ ਜਿਸ ਬਾਰੇ ਮੀਡੀਆ ਵਿੱਚ ਖ਼ਬਰਾਂ ਚੱਲ ਰਹੀਆਂ ਹਨ। ਉਸਨੇ ਕਿਹਾ ਕਿ ਉਹ ਭੱਜ ਕੇ ਥੱਕ ਚੁੱਕਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ।
ਦੱਸ ਦਈਏ ਕਿ ਜਾਪਾਨ ਦੀ ਗਿਣਤੀ ਸੁਰੱਖਿਅਤ ਦੇਸ਼ਾਂ ਵਿੱਚ ਹੁੰਦੀ ਹੈ। ਪਰ ਹਾਲ ਹੀ ਵਿੱਚ ਇੱਥੇ ਚਾਕੂ ਨਾਲ ਹੋਣ ਵਾਲੇ ਹਮਲਿਆਂ ਦੀ ਗਿਣਤੀ ਵਧੀ ਹੈ।