India Punjab

ਭਾਰਤੀ ਫੌਜ ‘ਚ ਇੱਕ ਪੜਾਅ ਪਾਸ ਕਰਨ ਵਾਲੇ ਨੌਜਵਾਨ ਅਗਲੇ ਪੜਾਅ ਲਈ ਹੋ ਜਾਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ 25 ਅਪ੍ਰੈਲ ਨੂੰ ਪਟਿਆਲਾ ਦੀ ਆਰਮੀ ਡਿਵੀਜ਼ਨ ਸਿਗਨਲ ਰੈਜੀਮੈਂਟ ਗਰਾਊਂਡ ਵਿੱਚ ਹੋਵੇਗੀ। ਇਹ ਪ੍ਰੀਖਿਆ ਫੌਜ ਦੀ ਭਰਤੀ ਲਈ ਸਰੀਰਕ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਹੋਵੇਗੀ।

ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੂੰ ਦਾਖਲਾ ਪੱਤਰ ਜਾਰੀ ਕੀਤੇ ਜਾ ਰਹੇ ਹਨ। ਪ੍ਰੀਖਿਆ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗੀ ਅਤੇ ਰਿਪੋਰਟ ਕਰਨ ਦਾ ਸਮਾਂ ਸਵੇਰੇ 3 ਵਜੇ ਹੋਵੇਗਾ। ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਬਿਠਾਇਆ ਜਾਵੇਗਾ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਨਾਲ ਪ੍ਰੀਖਿਆ ਸਮੇਂ ਸੈਨੇਟਾਈਜ਼ਰ, ਮਾਸਕ ਅਤੇ ਪਾਣੀ ਦੀ ਬੋਤਲ ਸਮੇਤ ਖਾਣ ਲਈ ਵੀ ਕੁੱਝ ਲੈ ਕੇ ਜਾ ਸਕਦੇ ਹਨ।