‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਕਰੋਨਾ ਸਥਿਤੀ ‘ਤੇ ਸਮੀਖਿਆ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਕੁੱਝ ਸੂਬਿਆਂ ਵਿੱਚ ਕਰੋਨਾ ਦੇ ਕੇਸ ਘਟਣ ਦੇ ਸੰਕੇਤ ਮਿਲ ਰਹੇ ਹਨ ਜਦਕਿ ਕੁੱਝ ਸੂਬਿਆਂ ’ਚ ਹਾਲਾਤ ਅਜੇ ਵੀ ਗੰਭੀਰ ਹਨ। ਕੇਂਦਰ ਸਰਕਾਰ ਨੇ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ’ਚ ਫੈਲ ਚੁੱਕੀ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪੰਜਾਬ, ਦਿੱਲੀ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ 13 ਸੂਬਿਆਂ ’ਚ ਕਰੋਨਾ ਦੇ ਕੇਸ ਘਟਣ ਦੇ ਮੁੱਢਲੇ ਸੰਕੇਤ ਦਿਖਾਈ ਦੇ ਰਹੇ ਹਨ। ਬਿਹਾਰ, ਰਾਜਸਥਾਨ, ਸਿੱਕਮ, ਤਾਮਿਲ ਨਾਡੂ, ਤ੍ਰਿਪੁਰਾ ਤੇ ਪੱਛਮੀ ਬੰਗਾਲ ’ਚ ਕੇਸ ਵਧਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਦੇਸ਼ ’ਚ ਆਕਸੀਜਨ ਦੀ ਘਾਟ ਬਾਰੇ ਮੰਤਰਾਲੇ ਨੇ ਕਿਹਾ ਕਿ ਸਰਕਾਰ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਨਾਈਟਰੋਜਨ ਪਲਾਂਟਾਂ ਨੂੰ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ।
ਅਗਰਵਾਲ ਨੇ ਕਿਹਾ ਕਿ ਕੁੱਝ ਸੂਬਿਆਂ ’ਚ ਕਰੋਨਾ ਦੇ ਕੇਸ ਘਟਣ ਦੇ ਸ਼ੁਰੂਆਤੀ ਸੰਕੇਤ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਦਿੱਲੀ, ਦਮਨ ਤੇ ਦਿਊ, ਗੁਜਰਾਤ, ਝਾਰਖੰਡ, ਲੱਦਾਖ, ਲਕਸ਼ਦੀਪ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਨਵੇਂ ਕੇਸਾਂ ਦੀ ਗਿਣਤੀ ਘਟੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁੱਝ ਸੂਬਿਆਂ ’ਚ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਟੀਕਾਕਰਨ ਬਾਰੇ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ 12.07 ਕਰੋੜ ਲੋਕਾਂ ਨੂੰ ਕਰੋਨਾ ਦਾ ਟੀਕਾ ਲੱਗ ਚੁੱਕਾ ਹੈ।