ਚੰਡੀਗੜ੍ਹ : ਪੰਜਾਬ ਸਰਕਾਰ ਦੀ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਖਰਾਬ ਹੋਈਆਂ ਫਸਲਾਂ ਬਾਰੇ ਹੋਈ ਚਰਚਾ ਹੋਈ ਤੇ ਕਈ ਅਹਿਮ ਫੈਸਲੇ ਲਏ ਗਏ ਹਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਮਗਰੋਂ ਹੋਈ ਪ੍ਰੈਸ ਕੈਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੇ ਨੁਕਸਾਨ ਦੀ ਪੂਰਤੀ ਲਈ 13 ਅਪ੍ਰੈਲ ਨੂੰ ਅਬੋਹਰ ਵਿੱਚ ਕਿਸਾਨਾਂ ਨੂੰ ਚੈਕ ਵੰਡੇ ਜਾਣਗੇ ਤੇ ਮੁੱਖ ਮੰਤਰੀ ਪੰਜਾਬ ਇਸ ਰਕਮ ਦੇ ਚੈਕ ਕਿਸਾਨਾਂ ਨੂੰ ਦੇਣਗੇ।
ਮੰਤਰੀ ਧਾਲੀਵਾਲ ਨੇ ਦੱਸਿਆ ਹੈ ਕਿ ਪਟਵਾਰੀਆਂ ਕੋਲ ਇੱਕ ਇਲਾਕੇ ਵਿੱਚ 20-202 ਪਿੰਡ ਹਨ, ਜਿਸ ਕਾਰਨ ਕੁਝ ਵਕਤ ਲੱਗ ਸਕਦਾ ਹੈ ਪਰ ਜਿਵੇਂ ਜਿਵੇਂ ਗਿਰਦਾਵਰੀ ਦੀਆਂ ਰਿਪੋਰਟਾਂ ਆਈ ਜਾਣਗੀਆਂ,ਵੱਖ ਵੱਖ ਜ਼੍ਹਿਲਿਆਂ ਵਿੱਚ ਪ੍ਰੋਗਰਾਮ ਕਰ ਕੇ ਇਹ ਰਕਮ ਕਿਸਾਨਾਂ ਨੂੰ ਵੰਡੀ ਜਾਵੇਗੀ। ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੇ ਆਪਣੇ ਮੰਤਰੀਆਂ ਦੀ ਡਿਊਟੀ ਲਾਈ ਹੈ ਤਾਂ ਜੋ ਜਲਦੀ ਤੇ ਪਾਰਦਰਸ਼ੀ ਗਿਰਦਾਵਰੀ ਕਰਵਾਈ ਜਾ ਸਕੇ ਤੇ ਜਲਦੀ ਇਸ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ।
ਉਹਨਾਂ ਇਹ ਵੀ ਦੱਸਿਆ ਹੈ ਕਿ ਇਸ ਵਾਰ ਮੌਸਮੀ ਹਾਲਾਤਾਂ ਕਾਰਨ ਕਣਕ ਦੇ ਦਾਣੇ ਦਾ ਰੰਗ ਬਦਲਿਆ ਹੈ ਤੇ ਆਕਾਰ ਵੀ ਛੋਟਾ ਹੋਇਆ ਹੈ। ਜਿਸ ਕਾਰਨ ਕਿਸਾਨਾਂ ਨੂੰ ਰਾਹਤ ਦਿੱਤੀ ਦਾਣੀ ਚਾਹੀਦੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਰਾਹਤ ਦੇਣ ਦੀ ਤੇ ਸਹਾਇਤਾ ਕਰਨ ਲਈ ਲਿੱਖਿਆ ਗਿਆ ਹੈ।
ਇਸ ਦੌਰਾਨ ਮੰਤਰੀ ਧਾਲੀਵਾਲ ਨੇ ਆਪਣੀ ਸਰਕਾਰ ਦੇ ਕਿਸਾਨਾਂ ਨੂੰ ਫੌਰਨ ਮੁਆਵਜ਼ਾ ਦਿੱਤੇ ਜਾਣ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸਿਆ ਤੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫ਼ਸਲ ਲਈ ਮੁਆਵਜ਼ਾ ਇੰਨੀ ਛੇਤੀ ਮਿਲ ਰਿਹਾ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਸਾਲ-ਛੇ ਮਹੀਨੇ ਟਪਾ ਦਿੰਦੇ ਸੀ।
ਕਿਸਾਨਾਂ ਵੱਲੋਂ ਮੁਆਵਜ਼ਾ ਰਾਸ਼ੀ ਵਧਾਏ ਜਾਣ ਦੀ ਮੰਗ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਰੀ ਖਰਾਬ ਹੋਈ ਫ਼ਸਲ ਲਈ ਪੂਰਾ ਮੁਆਵਜ਼ਾ ਪੰਜਾਬ ਤਾਂ ਕੀ,ਕੋਈ ਵੀ ਸਰਕਾਰ ਨਹੀਂ ਦੇ ਸਕਦੀ।
ਇਸ ਵਿਚਾਲੇ ਮੰਤਰੀ ਧਾਲੀਵਾਲ ਥੋੜੇ ਔਖੇ ਨਜ਼ਰ ਆਏ ਜਦੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ। ਉਹਨਾਂ ਇਹ ਵੀ ਆਸ ਪ੍ਰਗਟਾਈ ਕਿ ਕੇਂਦਰ ਕਿਸਾਨਾਂ ਦੀ ਮਦਦ ਜ਼ਰੂਰ ਕਰੇਗਾ ਕਿਉਂਕਿ ਸੂਬਾ ਸਰਕਾਰ ਕੇਂਦਰ ਨਾਲ ਤਾਲਮੇਲ ਬਣਾ ਕੇ ਚੱਲ ਰਹੀ ਹੈ।
ਕੇਂਦਰ ਵੱਲੋਂ ਪੰਜਾਬ ਤੋਂ ਕਣਕ ਹੋਰ ਸੂਬਿਆਂ ਨੂੰ ਭੇਜੇ ਜਾਣ ਸੰਬੰਧੀ ਸੂਬਾ ਸਰਕਾਰ ਨੂੰ ਲਿਖੀ ਚਿੱਠੀ ਬਾਰੇ ਵੀ ਮੰਤਰੀ ਧਾਲੀਵਾਲ ਨੇ ਅਣਜਾਣਤਾ ਦਿਖਾਈ ਤੇ ਕਿਹਾ ਕਿ ਪੰਜਾਬ ਦੇ ਗੁਦਾਮਾਂ ਵਿੱਚ ਕਣਕ ਮੁੱਕਣ ਦੀਆਂ ਖ਼ਬਰਾਂ ਗਲਤ ਹਨ।
ਸੂਬਾ ਸਰਕਾਰ ਵੱਲੋਂ ਚੈਕ ਵੰਡਣ ਲਈ ਕੀਤੇ ਜਾਣ ਵਾਲੇ ਸਮਾਗਮਾਂ ਬਰੇ ਸਵਾਲ ਦਾ ਜੁਆਬ ਦਿੰਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ ਕਿ ਦੇਸ਼ ਦੇ ਹੋਰ ਸੂਬਿਆਂ ਵਿੱਚ ਹੋਏ ਨੁਕਸਾਨ ਹੋਇਆ ਹੈ ਤੇ ਉਹਨਾਂ ਨੂੰ ਇਕ ਸੰਦੇਸ਼ ਦੇਣ ਲਈ ਜਰੂਰੀ ਹੈ ਕਿ ਸਰਕਾਰ ਆਪਣੇ ਕੀਤੇ ਕੰਮਾਂ ਨੂੰ ਸਾਰਿਆਂ ਨੂੰ ਦਿਖਾਵੇ।