ਚੰਡੀਗੜ੍ਹ ਦੀਆਂ ਸੜਕਾਂ ‘ਤੇ ਥਾਰ ਕਾਰ ਤੇ ਫਾਰਚੂਨਰ ਕਾਰ ਉੱਤੇ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ‘ਤੇ ਚੰਡੀਗੜ੍ਹ ਪੁਲੀਸ ਨੇ ਸ਼ਿਕੰਜਾ ਕੱਸਿਆ ਹੈ। ਇਹ ਨੌਜਵਾਨ ਆਪਣੀਆਂ ਕਾਰਾਂ ਦੇ ਸ਼ੀਸ਼ੇ ਖੋਲ੍ਹ ਕੇ ਤੇ ਖਿੜਕੀਆਂ ਵਿੱਚ ਲਟਕ ਕੇ ਵੀਡੀਓ ਬਣਾ ਰਹੇ ਹਨ। ਇਨ੍ਹਾਂ ਵੱਲ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦਾ ਕੋਈ ਡਰ ਹੀ ਨਹੀਂ।
ਜਾਣਕਾਰੀ ਮੁਤਾਬਕ ਚੰਡੀਗੜ੍ਹ ‘ਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਵਿਦਿਆਰਥੀ ਯੂਨੀਅਨ ਨਾਲ ਜੁੜੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਸ਼ਨਾਖਤ ਕਰਕੇ 11 ਵਾਹਨਾਂ ਦੇ ਈ-ਚਾਲਾਨ ਕੱਟੇ ਹਨ। ਹੁਣ ਉਨ੍ਹਾਂ ਦੇ ਡਰਾਈਵਰਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਵੀਡੀਓ ‘ਚ ਦਿਖਾਈ ਦੇ ਰਹੇ ਡਰਾਈਵਰਾਂ ਦੀ ਪਛਾਣ ਕਰ ਰਹੀ ਹੈ।
ਵਿਦਿਆਰਥੀ ਜਥੇਬੰਦੀ ਨੇ 21 ਨੂੰ ਪੀਜੀਆਈ ਚੌਕ ਤੋਂ ਸੈਕਟਰ 16 ਦੇ ਹਸਪਤਾਲ ਚੌਕ ਤੱਕ ਰੈਲੀ ਕੱਢੀ। ਰੈਲੀ ਦੌਰਾਨ ਵਿਦਿਆਰਥੀ ਆਗੂ ਵਾਹਨਾਂ ਦੇ ਬੋਨਟ ਅਤੇ ਛੱਤਾਂ ’ਤੇ ਬੈਠੇ ਸਨ। ਵਿਦਿਆਰਥੀਆਂ ਦੀ ਇਹ ਗਤੀਵਿਧੀ ਸਮਾਰਟ ਸਿਟੀ ਤਹਿਤ ਲਗਾਏ ਗਏ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਨੂੰ ਪਤਾ ਲੱਗਣ ‘ਤੇ ਪੁਲਿਸ ਨੇ ਕਾਰਵਾਈ ਕੀਤੀ।
ਚੰਡੀਗੜ੍ਹ ਟਰੈਫਿਕ ਪੁਲਿਸ ਨੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਤਰਫੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਯੂਨੀਅਨ ਜਾਂ ਵਿਦਿਆਰਥੀ ਆਗੂ ਟਰੈਫਿਕ ਨਿਯਮਾਂ ਦੇ ਉਲਟ ਕੋਈ ਗਤੀਵਿਧੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ‘ਚ ਵਿਦਿਆਰਥੀਆਂ ਨੂੰ ਬੋਨਟ, ਛੱਤ ‘ਤੇ ਬੈਠਣ ਅਤੇ ਡਰਾਈਵਿੰਗ ਕਰਨ ਵਰਗੇ ਕਈ ਨਿਯਮਾਂ ਤਹਿਤ ਈ-ਚਾਲਾਨ ਕੀਤਾ ਗਿਆ ਹੈ।
ਰੈਲੀ ਦੌਰਾਨ ਵਿਦਿਆਰਥੀ ਆਗੂ ਸੈਕਟਰ-11 ਦੇ ਕਾਲਜ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਥੇ ਮੌਜੂਦ ਇੱਕ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਵਿਦਿਆਰਥੀ ਆਗੂ ਗਾਰਡਾਂ ਨਾਲ ਉਲਝ ਗਏ। ਦੂਜੇ ਪਾਸੇ ਐਸ.ਓ.ਆਈ ਦੇ ਆਗੂਆਂ ਦਾ ਕਹਿਣਾ ਹੈ ਕਿ ਗਾਰਡ ਸਿਰਫ਼ ਇਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵਿਦਿਆਰਥੀ ਕਾਲਜ ਦੇ ਹਨ ਜਾਂ ਬਾਹਰੋਂ। ਇਸ ‘ਤੇ ਵਿਦਿਆਰਥੀ ਉਸ ਨੂੰ ਆਈ-ਕਾਰਡ ਦਿਖਾ ਕੇ ਕਾਲਜ ਦੇ ਅੰਦਰ ਦਾਖ਼ਲ ਹੋ ਗਏ।