ਚੰਡੀਗੜ੍ਹ : ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਏ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ 24 ਸਾਲ ਦੇ ਨਿਹੰਗ ਪ੍ਰਦੀਪ ਸਿੰਘ ਦੇ ਕਤਲ ਮਾਮਲੇ ‘ਚ ਇੱਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਪਰਿਵਾਰ ਦਾ ਪੱਖ ਸਾਹਮਣੇ ਆਇਆ ਹੈ।
ਮੁਲਜ਼ਮ ਦੀ ਪਤਨੀ ਗੁਰਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਨਿਹੰਗ ਸਿੰਘ ‘ਤੇ ਹਮਲਾ ਨਹੀਂ ਕੀਤਾ ਸਗੋਂ ਨਿਹੰਗ ਸਿੰਘ ਨੇ ਪਹਿਲਾਂ ਉਸਦੇ ਪਤੀ ‘ਤੇ ਹਮਲਾ ਕੀਤਾ ਸੀ। ਪਤਨੀ ਨੇ ਕਿਹਾ ਕਿ ਮ੍ਰਿਤਕ ਨਿਹੰਗ ਸਿੰਘ ਵੱਲੋਂ ਤਲਵਾਰ ਨਾਲ ਹਮਲਾ ਕਰਕੇ ਉਸਦੇ ਪਤੀ ਦੇ ਹੱਥ ਵੱਢ ਦਿੱਤੇ ਸਨ। ਉਸਨੇ ਸਵਾਲ ਕੀਤਾ ਕਿ ਜਦੋਂ ਉਸਦੇ ਪਤੀ ਦੇ ਦੋਵੇਂ ਹੱਥ ਨਿਹੰਗ ਸਿੰਘ ਵੱਲੋਂ ਵੱਢ ਦਿੱਤੇ ਗਏ ਸਨ ਤਾਂ ਉਹ ਨਿਹੰਗ ਸਿੰਘ ਨੂੰ ਕਿਸ ਤਰ੍ਹਾਂ ਮਾਰ ਸਕਦਾ ਹੈ।
ਮੁਲਜ਼ਮ ਦਾ ਪਤਨੀ ਨੇ ਕਿਹਾ ਕਿ ਨਿਹੰਗ ਸਿੰਘ ਵੱਲੋਂ ਗਲਤੀ ਨਾਲ ਵਾਰ ਹੋਣ ਤੋਂ ਬਾਅਦ ਨਿਹੰਗ ਸਿੰਘ ਨੇ ਉਸਦੇ ਪਤੀ ਨੂੰ ਜੱਫੀ ਵੀ ਪਾ ਕੇ ਮੁਆਫੀ ਵੀ ਮੰਗੀ ਸੀ। ਗੁਰਿੰਦਰ ਕੌਰ ਨੇ ਕਿਹਾ ਕਿ ਬਿਨਾਂ ਕਿਸੇ ਜਾਂਚ ਤੋਂ ਉਸਦੇ ਪਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੁਰਿੰਦਰ ਕੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦਾ ਤਾਂ ਜੋ ਅਸਲੀ ਮੁਲਜ਼ਮ ਸਾਹਮਣੇ ਆ ਸਕੇ ਅਤੇ ਉਸਦਾ ਪਤੀ ਬੇਗੁਨਾਹ ਹੋ ਸਕੇ।
ਦੱਸ ਦਈਏ ਕਿ 6 ਮਾਰਚ ਨੂੰ ਪ੍ਰਦੀਪ ਦਾ ਹੋਲਾ ਮਹੱਲੇ ਦੀ ਪਹਿਲੀ ਰਾਤ ਨੂੰ ਬੇਰਹਮੀ ਨਾਲ ਕਤਲ ਕਰ ਦਿੱਤਾ ਸੀ । ਉਹ ਹੋਲਾ ਮਹੱਲੇ ਵਿੱਚ ਟਰੈਕਟਰ ‘ਤੇ ਤੇਜ਼ ਆਵਾਜ਼ ਵਿੱਚ ਅਸ਼ਲੀਲ ਗਾਣੇ ਚਲਾਉਣ ਵਾਲਿਆਂ ਨੂੰ ਸਮਝਾ ਰਿਹਾ ਸੀ । ਇਸੇ ਦੌਰਾਨ ਕਝ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਦੇ ਨਾਲ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ ਗਿਆ ਸੀ। NRI ਪ੍ਰਦੀਪ ਸਿੰਘ ਉਰਫ ਪ੍ਰਿੰਸ ਉੱਥੇ ਹੀ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ ।