ਹਿਮਾਚਲ ਪ੍ਰਦੇਸ਼ ਵਿੱਚ ਚਾਰ ਦਿਨਾਂ ਵਿੱਚ ਐਨਾਂ ਮੀਂਹ ਪਿਆ, ਜਿਹੜਾ ਪਿਛਲੇ ਤਿੰਨ ਦਹਾਕਿਆਂ ਵਿੱਚ ਕਦੇ ਨਹੀਂ ਪਿਆ। ਸੂਬੇ ਵਿੱਚ ਇਸ ਵਾਰ 6 ਤੋਂ 12 ਜੁਲਾਈ ਤੱਕ 242.7 ਮਿਲੀਮੀਟਰ((ਐਮਐਮ) ਮੀਂਹ ਪਿਆ ਹੈ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਆਮ ਨਾਲੋਂ 316 ਫੀਸਦੀ ਵੱਧ ਹੈ। ਆਮ ਤੌਰ ਉੱਤੇ ਇਨ੍ਹਾਂ ਵਿੱਚ 58.4 ਐਮ ਐਮ ਮੀਂਹ ਪੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼ਿਮਲਾ ਦੇ ਮੌਸਮ ਕੇਂਦਰ ਨੇ ਕੀਤਾ ਹੈ।
ਹਿਮਾਚਲ ਵਿੱਚ ਕਿਉਂ ਪਿਆ ਐਨਾ ਮੀਂਹ?
ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਡਾ: ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਵਾਰ ਭਾਰੀ ਮੀਂਹ ਪੈਣ ਦਾ ਕਾਰਨ ਮੌਨਸੂਨ ਅਤੇ ਵੈਸਟਰਨ ਡਿਸਟਰਬੈਂਸ (WD) ਦੋਵਾਂ ਦਾ ਇਕੱਠੇ ਸਰਗਰਮ ਹੋਣਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਵਿੱਚ WD ਸਰਗਰਮ ਨਹੀਂ ਹੁੰਦਾ ਪਰ ਇਸ ਵਾਰ ਮੌਨਸੂਨ ਅਤੇ ਡ WD ਦੋਵੇਂ ਇਕੱਠੇ ਸਰਗਰਮ ਸਨ। ਇਸ ਡਬਲ ਇੰਜਣ ਕਾਰਨ ਕਰੰਟ ਨੇ ਪਹਾੜਾਂ ‘ਤੇ ਤਬਾਹੀ ਮਚਾਈ ਹੋਈ ਹੈ। ਉਨ੍ਹਾਂ ਇਸ ਵਾਰ ਹੋਈ ਬਾਰਸ਼ ਨੂੰ ਇਤਿਹਾਸਕ ਦੱਸਿਆ ਹੈ।
ਉਨ੍ਹਾਂ ਦੱਸਿਆ ਕਿ ਜੂਨ ਤੋਂ ਸਤੰਬਰ ਤੱਕ ਦੇ ਪੂਰੇ ਮੌਨਸੂਨ ਸੀਜ਼ਨ ਵਿੱਚ ਜਿੰਨੀ ਵਰਖਾ ਹੁੰਦੀ ਹੈ, ਇਸ ਵਾਰ ਉਸਦੀ 29 ਫੀਸਦੀ ਵਰਖਾ ਤਾਂ ਚਾਰ ਦਿਨਾਂ ਵਿੱਚ ਹੀ ਪੈ ਗਈ, ਜੋ ਕਿ ਅਣਕਿਆਸੀ ਹੈ। ਸੂਬੇ ‘ਚ 1971-2020 ਦੌਰਾਨ ਪੂਰੇ ਮੌਨਸੂਨ ਸੀਜ਼ਨ ‘ਚ ਸਭ ਤੋਂ ਵੱਧ 734.4 ਮਿਲੀਮੀਟਰ ਬਾਰਸ਼ ਹੋਈ ਸੀ ਪਰ ਇਸ ਵਾਰ 7 ਤੋਂ 11 ਜੁਲਾਈ ਤੱਕ ਸਿਰਫ ਚਾਰ ਦਿਨਾਂ ‘ਚ 223 ਮਿਲੀਮੀਟਰ ਬਾਰਸ਼ ਹੋਈ ਹੈ।
ਕਾਂਗੜਾ ਵਿੱਚ ਘੱਟ ਅਤੇ ਸਿਰਮੌਰ ਵਿੱਚ ਰਿਕਾਰਡ ਮੀਂਹ ਪਿਆ
ਸੂਬੇ ਵਿੱਚ ਮਾਨਸੂਨ ਸੀਜ਼ਨ ਦੌਰਾਨ ਕਾਂਗੜਾ ਜ਼ਿਲ੍ਹੇ ਵਿੱਚ ਅਕਸਰ ਸਭ ਤੋਂ ਵੱਧ ਮੀਂਹ ਪੈਂਦਾ ਹੈ ਪਰ ਇਸ ਵਾਰ ਕਾਂਗੜਾ ਵਿੱਚ ਸਭ ਤੋਂ ਘੱਟ ਮੀਂਹ ਪਿਆ ਹੈ। ਕਾਂਗੜਾ ਵਿੱਚ ਆਮ ਨਾਲੋਂ ਸਿਰਫ਼ 87 ਫ਼ੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਬਾਕੀ ਸਾਰੇ 11 ਜ਼ਿਲ੍ਹਿਆਂ ਵਿੱਚ 200 ਤੋਂ 600 ਫ਼ੀਸਦੀ ਜ਼ਿਆਦਾ ਮੀਂਹ ਪਿਆ ਹੈ। ਇਸ ਦੌਰਾਨ ਪਿਛਲੇ ਸੱਤ ਦਿਨਾਂ ਦੌਰਾਨ ਸਿਰਮੌਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 602.4 ਐਮਐਮ, ਸੋਲਨ ਵਿੱਚ 501 ਐਮਐਮ ਅਤੇ ਬਿਲਾਸਪੁਰ ਵਿੱਚ 355.5 ਐਮਐਮ ਮੀਂਹ ਪਿਆ।