India

ਪਹਿਲੇ ਮੀਂਹ ’ਚ ਚੋਣ ਲੱਗਾ ਰਾਮ ਮੰਦਰ, ਮੁੱਖ ਪੁਜਾਰੀ ਨੇ ਸਵਾਲ ਉਠਾਏ

ਅਯੁਧਿਆ : ਪਹਿਲੀ ਬਾਰਿਸ਼ ‘ਚ ਅਯੁੱਧਿਆ ‘ਚ ਬਣ ਰਹੇ ਵਿਸ਼ਾਲ ਰਾਮ ਮੰਦਰ ਦੀ ਛੱਤ ਤੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ। ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਅੱਧੀ ਰਾਤ ਨੂੰ ਪਹਿਲੀ ਬਾਰਿਸ਼ ਦੌਰਾਨ ਪਾਵਨ ਅਸਥਾਨ ਵਿੱਚ ਮੰਦਰ ਦੀ ਛੱਤ ਤੋਂ ਪਾਣੀ ਤੇਜ਼ੀ ਨਾਲ ਟਪਕ ਰਿਹਾ ਸੀ।

ਮੁੱਖ ਪੁਜਾਰੀ ਨੇ ਸਵਾਲ ਉਠਾਏ

ਸਵੇਰੇ ਜਦੋਂ ਪੁਜਾਰੀ ਭਗਵਾਨ ਦੀ ਪੂਜਾ ਕਰਨ ਲਈ ਉਥੇ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਫਰਸ਼ ਪਾਣੀ ਨਾਲ ਭਰਿਆ ਹੋਇਆ ਸੀ, ਜਿਸ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮੰਦਰ ਦੇ ਵਿਹੜੇ ਤੋਂ ਹਟਾਇਆ ਗਿਆ। ਮੰਦਰ ਵਿੱਚੋਂ ਪਾਣੀ ਕੱਢਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਰਾਮਲਲਾ ਦੇ ਮੁਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਹਾਲ ਹੀ ਵਿਚ ਰਾਮਲਲਾ ਦੇ ਪਾਵਨ ਅਸਥਾਨ ਤੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੰਦਰ ਦੇ ਨਿਰਮਾਣ ਵਿਚ ਸ਼ਾਮਲ ਸੰਸਥਾ ’ਤੇ ਸਵਾਲੀਆ ਨਿਸ਼ਾਨ ਉਠਾਇਆ ਸੀ ਅਤੇ ਹੁਣ ਪ੍ਰੀ-ਮੌਨਸੂਨ ਦੀ ਪਹਿਲੀ ਬਰਸਾਤ ਨੇ ਇਸ ਵਿਸ਼ਾਲ ਮੰਦਰ ਦੀ ਉਸਾਰੀ ਦਾ ਪਰਦਾਫ਼ਾਸ਼ ਕਰ ਦਿੱਤਾ ਹੈ। ਉਨ੍ਹਾਂ ਦਸਿਆ ਕਿ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਦੇ ਪਾਵਨ ਅਸਥਾਨ ਦੀ ਛੱਤ ਪਿਛਲੇ ਦਿਨੀਂ ਲੀਕ ਹੋ ਗਈ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਸੀ ਪਰ ਹੁਣ ਪ੍ਰੀ-ਮੌਨਸੂਨ ਦੀ ਪਹਿਲੀ ਬਾਰਿਸ਼ ’ਚ ਪੁਜਾਰੀ ਦੇ ਬੈਠਣ ਦੀ ਜਗ੍ਹਾ ਵੀ ਨਹੀਂ ਬਚੀ ਹੈ ਅਤੇ ਉਹ ਥਾਂ ਭਗਵਾਨ ਦੇ ਮੰਦਰ ਦੇ ਬਿਲਕੁਲ ਸਾਹਮਣੇ ਹੈ। ਇਸ ਤੋਂ ਇਲਾਵਾ ਲੋਕ ਵੀਆਈਪੀ ਦਰਸ਼ਨਾਂ ਲਈ ਆਉਂਦੇ ਹਨ, ਉਸ ਥਾਂ ’ਤੇ ਮੀਂਹ ਦਾ ਪਾਣੀ ਤੇਜ਼ੀ ਨਾਲ ਚੋਅ ਰਿਹਾ ਹੈ। ਇਹ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਹਟਾਉਣ ਲਈ ਸਖ਼ਤ ਮੁਸ਼ੱਕਤ ਕਰਨੀ ਪਈ ਹੈ।

ਮੰਦਰ ਨਿਰਮਾਣ ਦੇ ਕੰਮ ‘ਚ ਲਾਪ੍ਰਵਾਹੀ ਦਾ ਦੋਸ਼

ਮੁੱਖ ਪੁਜਾਰੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਵਿਸ਼ਵ ਪ੍ਰਸਿੱਧ ਮੰਦਰ ਜੋ ਬਣ ਰਿਹਾ ਹੈ, ਉਸ ਦੇ ਅੰਦਰ ਛੱਤ ਲੀਕ ਹੋ ਰਹੀ ਹੈ। ਅਜਿਹਾ ਕਿਉਂ ਹੋਇਆ? ਅਜਿਹੇ ਵੱਡੇ ਇੰਜੀਨੀਅਰਾਂ ਦੀ ਮੌਜੂਦਗੀ ‘ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਦਰ ਦੇ ਨਿਰਮਾਣ ਕਾਰਜ ਵਿੱਚ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਛੱਤ ਤੋਂ ਪਾਣੀ ਟਪਕਣ ਦੀ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ, ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਮੰਦਰ ਪਹੁੰਚੇ ਅਤੇ ਛੱਤਾਂ ਦੀ ਮੁਰੰਮਤ ਅਤੇ “ਵਾਟਰ ਪਰੂਫਿੰਗ” ਦੇ ਨਿਰਦੇਸ਼ ਦਿੱਤੇ।

ਮੰਦਰ ਟਰੱਸਟ ਦੇ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ

ਉਧਰ, ਜਦੋਂ ਮੰਦਰ ਟਰੱਸਟ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੰਦਰ ਦੀ ਛੱਤ ਤੋਂ ਬਰਸਾਤੀ ਪਾਣੀ ਦੇ ਰਿਸਾਅ ਬਾਰੇ ਕੋਈ ਵੀ ਟਿੱਪਣੀ ਕਰਨ ਨੂੰ ਤਿਆਰ ਨਹੀਂ ਸੀ। ਸ਼ਨੀਵਾਰ ਰਾਤ ਨੂੰ ਹੋਈ ਬਾਰਿਸ਼ ਕਾਰਨ ਰਾਮਪਥ ਮਾਰਗ ਅਤੇ ਇਸ ਦੇ ਨਾਲ ਲੱਗਦੀਆਂ ਗਲੀਆਂ ‘ਤੇ ਕਾਫੀ ਪਾਣੀ ਭਰ ਗਿਆ। ਸੀਵਰੇਜ ਦੇ ਪਾਣੀ ਨਾਲ ਘਰਾਂ ਦੇ ਭਰ ਜਾਣ ਤੋਂ ਇਲਾਵਾ ਰਾਮਪਥ ਮਾਰਗ ਅਤੇ ਅਯੁੱਧਿਆ ਸ਼ਹਿਰ ਦੀਆਂ ਨਵੀਆਂ ਬਣੀਆਂ ਸੜਕਾਂ ਕਈ ਥਾਵਾਂ ‘ਤੇ ਡੁੱਬ ਗਈਆਂ ਹਨ। ਸਭ ਤੋਂ ਵੱਡਾ ਸੰਕਟ ਅਯੁੱਧਿਆ ਸ਼ਹਿਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਜਲਵਾਨਪੁਰਾ ਤੋਂ ਲੈ ਕੇ ਹਨੂੰਮਾਨਗੜ੍ਹੀ ਭਗਤੀਪੱਥ ਅਤੇ ਟੇਢੀ ਬਾਜ਼ਾਰ ਤੱਕ ਦੇ ਅੰਦਰੂਨੀ ਇਲਾਕਿਆਂ ‘ਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ।

ਭਗਵਾਨ ਰਾਮ ਦੇ ਵਿਸ਼ਾਲ ਮੰਦਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਆਮ ਜਨਤਾ ਲਈ ਖੋਲ੍ਹ ਦਿਤਾ ਗਿਆ ਸੀ। ਇਸ ਵਿਸ਼ਵ ਪ੍ਰਸਿਧ ਮੰਦਰ ਦੇ ਨਿਰਮਾਣ ਕਾਰਜ ਵਿੱਚ ਬਰਸਾਤੀ ਪਾਣੀ ਦਾ ਚੋਣਾ ਬੇਹਦ ਹੈਰਾਨੀਜਨਕ ਹੈ। ਇਸੇ ਲਈ ਪੁਜਾਰੀ ਨੇ ਦੋਸ਼ ਲਾਇਆ ਹੈ ਕਿ ਉਸਾਰੀ ਦੇ ਕੰਮ ਵਿਚ ਲਾਪ੍ਰਵਾਹੀ ਹੋਈ ਹੈ, ਜੋ ਗ਼ਲਤ ਹੈ। ਪਹਿਲੀ ਬਰਸਾਤ ਵਿੱਚ ਹੀ ਪਾਵਨ ਅਸਥਾਨ ਵਿਚ ਪਾਣੀ ਭਰ ਗਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਹੁਣ ਇਸ ਪਾਵਨ ਅਸਥਾਨ ਦੇ ਸਾਹਮਣੇ ਜਿਸ ਸੜਕ ’ਤੇ ਪੁਜਾਰੀ ਬੈਠਦੇ ਹਨ ਅਤੇ ਜਿਥੋਂ ਵੀਆਈਪੀ ਦਰਸ਼ਨ ਕਰਦੇ ਹਨ, ਉਸ ਸੜਕ ’ਤੇ ਪਾਣੀ ਭਰ ਗਿਆ ਹੈ। ਰਾਤ ਨੂੰ ਮੀਂਹ ਪਿਆ ਅਤੇ ਜਦੋਂ ਸਵੇਰੇ ਪੁਜਾਰੀ ਭਗਵਾਨ ਦੀ ਪੂਜਾ ਕਰਨ ਲਈ ਉਥੇ ਗਏ, ਤਾਂ ਉਨ੍ਹਾਂ ਨੇ ਉਥੇ ਪਾਣੀ ਭਰਿਆ ਦੇਖਿਆ, ਜਿਸ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮੰਦਰ ਦੇ ਅਹਾਤੇ ਤੋਂ ਬਾਹਰ ਕੱਢਿਆ ਗਿਆ।

ਦੱਸ ਦੇਈਏ ਕਿ ਰਾਮਲਲਾ ਦਾ ਵਿਸ਼ਾਲ ਮੰਦਰ ਬੰਸੀ ਪਹਾੜਪੁਰ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ। ਉਸਾਰੀ ਦਾ ਕੰਮ ਟਾਟਾ ਕੰਸਲਟੈਂਸੀ ਅਤੇ ਐਲਐਂਡਟੀ ਕੰਪਨੀ ਵੱਲੋਂ ਕਰਵਾਇਆ ਗਿਆ ਹੈ, ਜਿਸ ਵਿਚ ਦੇਸ਼ ਦੇ ਨਾਮਵਰ ਇੰਜਨੀਅਰਾਂ ਨੇ ਯੋਗਦਾਨ ਪਾਇਆ ਹੈ ਪਰ ਪ੍ਰੀ-ਮੌਨਸੂਨ ਦੀ ਪਹਿਲੀ ਬਰਸਾਤ ਨੇ ਹੀ ਰਾਮ ਮੰਦਰ ਦੇ ਨਿਰਮਾਣ ਵਿਚ ਲੱਗੀਆਂ ਏਜੰਸੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਲੈ ਆਂਦੀ ਹੈ।

ਇਹ ਵੀ ਪੜ੍ਹੋ – ਦਿੱਲੀ ‘ਚ ਇਨਵਰਟਰ ਨੂੰ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ